ਇਯਾਲੀ ਵਲੋਂ ਹਲਕਾ ਦਾਖਾ ਵੋਟਰਾਂ ਨੂੰ ਆਪਣੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਲਈ ਵੋਟ ਦੀ ਅਪੀਲ
ਅਜੀਤ ਡੈਸਕ
10-12-2025
ਮੁੱਲਾਂਪੁਰ-ਦਾਖਾ, 9 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਪੰਥਕ ਕੌਂਸਲ ਅਤੇ 'ਵਾਰਿਸ ਪੰਜਾਬ ਦੇ' ਹਮਾਇਤ ਨਾਲ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਬਲਾਕ ਮੁੱਲਾਂਪੁਰ ਅਧੀਨ 3 ਜ਼ਿਲ੍ਹਾ ਪ੍ਰੀਸ਼ਦ ਅਤੇ 25 ਸੰਮਤੀ ਜ਼ੋਨਾਂ ਉੱਪਰ ਅਜ਼ਾਦ ਹੈਸੀਅਤ ਵਾਲੇ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਕੇ ਉਨ੍ਹਾਂ ਲਈ ਪਿੰਡ-ਪਿੰਡ ਜਾ ਕੇ ਚੋਣ ਨਿਸ਼ਾਨ ਟਰੱਕ ਅਤੇ ਟਾਰਚ ਲਈ ਵੋਟ ਦੀ ਮੰਗ ਹੋ ਰਹੀ ਹੈ | ਹਲਕਾ ਦਾਖਾ 'ਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ ਲਈ ਉਮੀਦਵਾਰ ਪ੍ਰਦੀਪ ਕੌਰ ਲਤਾਲਾ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਾਂਸ ਕਲਾਂ ਲਈ ਉਮੀਦਵਾਰ ਅਮਨਦੀਪ ਕੌਰ ਰੂਮੀ ਸਾਬਕਾ ਸਰਪੰਚ ਅਤੇ ਪੁੜੈਣ ਜ਼ਿਲ੍ਹਾ ਪ੍ਰੀਸ਼ਦ (ਜਨਰਲ-ਮਰਦ) ਜ਼ੋਨ ਲਈ ਉਮੀਦਵਾਰ ਗੁਰਮੀਤ ਸਿੰਘ ਹਾਂਸ ਸਿੱਧਵਾਂ ਬੇਟ ਤਿੰਨਾਂ ਨੂੰ ਰਿਟਰਨਿੰਗ ਅਫ਼ਸਰ ਵਲੋਂ ਮਿਲੇ ਚੋਣ ਨਿਸ਼ਾਨ ਟਰੱਕ ਅਤੇ ਵਿਧਾਨ ਸਭਾ ਹਲਕਾ ਦਾਖਾ 'ਚ 25 ਬਲਾਕ ਸੰਮਤੀ ਜ਼ੋਨਾਂ ਲਈ ਆਪਣੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਟਾਰਚ ਲਈ ਵੋਟ ਦੀ ਅਪੀਲ ਸਮੇਂ ਐੱਮ.ਐੱਲ.ਏ ਇਯਾਲੀ ਵਲੋਂ ਬੜੀ ਹਲੀਮੀ ਨਾਲ ਲੋਕਤੰਤਰ ਦੀ ਗੱਲ ਹੋ ਰਹੀ ਹੈ | ਪੰਚਾਇਤੀ ਰਾਜ ਪੰਚ ਪ੍ਰਮੇਸ਼ਵਰੀ ਸਿਧਾਂਤ ਨੂੰ ਲੀਹਾਂ 'ਤੇ ਰੱਖਣ ਲਈ ਵੋਟ ਦੀ ਮੰਗ ਕਰਦਿਆਂ ਐੱਮ.ਐੱਲ.ਏ ਇਯਾਲੀ ਉਲਝੇ ਪਏ ਸਿੱਖ ਮਾਮਲਿਆਂ ਦੀ ਗੱਲ ਕਰ ਰਿਹਾ | ਸਜ਼ਾ ਮੁਆਫ਼ੀ ਹੁਕਮਾਂ ਦੇ ਬਾਵਜੂਦ ਜ਼ੇਲ੍ਹ 'ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਹੋ ਰਹੀ ਹੈ | ਇਯਾਲੀ ਵਲੋਂ ਵੋਟ ਲਈ ਜੁੜੇ ਇਕੱਠਾਂ 'ਚ ਯਾਦ ਕਰਵਾਇਆ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ 11 ਅਕਤੂਬਰ 2019 ਨੂੰ ਸਜ਼ਾ ਮੁਆਫ਼ੀ ਦਾ ਹੁਕਮ ਕਰ ਦਿੱਤਾ, ਪਰ ਜੇਲ੍ਹਾਂ 'ਚ ਬੰਦ ਸਿੰਘ ਅਜੇ ਤੱਕ ਛੱਡੇ ਨਹੀਂ ਜਾ ਰਹੇ | ਇਯਾਲੀ ਨੇ ਕਿਹਾ ਕਿ ਸਾਲਾਂਬੱਧੀ ਕਿਸਾਨ ਅੰਦੋਲਨ ਬਾਅਦ ਵੀ ਕੁੱਲ ਫ਼ਸਲਾਂ 'ਤੇ ਐੱਮ.ਐੱਸ.ਪੀ. ਨਹੀਂ ਮਿਲ ਰਹੀ | ਨੈਤਿਕ ਕਦਰਾਂ-ਕੀਮਤਾਂ 'ਤੇ ਅਧਾਰਿਤ ਆਮ ਜ਼ਿੰਦਗੀ ਵਾਲੇ ਵਿਅਕਤੀਆਂ ਨੂੰ ਐੱਮ.ਐੱਲ.ਏ. ਇਯਾਲੀ ਵਲੋਂ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਲਈ ਉਮੀਦਵਾਰ ਬਣਾਇਆ ਗਿਆ, ਜਿਨ੍ਹਾਂ 'ਚੋਂ ਬਹੁਤਾਦ ਦਾ ਜਿੱਤਣਾ ਯਕੀਨੀ ਬਣ ਗਿਆ | ਹਲਕਾ ਦਾਖਾ 'ਚ ਐੱਮ.ਐੱਲ.ਏ ਇਯਾਲੀ ਵਲੋਂ ਜ਼ਿਲ੍ਹਾ ਪ੍ਰੀਸ਼ਦ/ਸੰਮਤੀ ਚੋਣਾਂ 'ਚ ਐਲਾਨੇ ਉਮੀਦਵਾਰਾਂ ਦੇ ਹੱਕ 'ਚ ਵਾਰਿਸ ਪੰਜਾਬ ਦੇ ਮੁਖੀ ਬਾਪੂ ਤਰਸੇਮ ਸਿੰਘ ਅਤੇ ਪੰਥਕ ਕੌਂਸਲ ਚੇਅਰਪਰਸਨ ਬੀਬੀ ਸਤਵੰਤ ਕੌਰ ਦੇ ਅਜ਼ਾਦ ਉਮੀਦਵਾਰਾਂ ਦੇ ਹੱਕ ਵਿਚ ਆਉਣ ਬਾਅਦ ਸਾਰੇ ਉਮੀਦਵਾਰਾਂ ਨੂੰ ਪੰਥਕ ਵੋਟ ਦਾ ਲਾਭ ਜਾਣਾ ਕੁਦਰਤੀ ਹੈ |