ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸਰਦੀਆਂ ਦੇ ਮੌਸਮ ਤੋਂ ਪਹਿਲਾਂ ਕਸ਼ਮੀਰੋਂ ਗਰਮ ਕੋਟੀਆਂ/ਸ਼ਾਲ, ਅਖਰੋਟ ਲਿਆ ਕੇ ਪੰਜਾਬ 'ਚ ਵਿਕਰੀ ਵਾਲੇ ਮੱਧਮ ਜਿਹੇ ਵਪਾਰੀ ਵੀ ਲੁਟੇਰਿਆਂ ਦੀ ਲੁੱਟ ਤੋਂ ਬਚਣੇ ਔਖੇ ਹੋ ਗਏ | ਨੇੜਲੇ ਪਿੰਡਾਂ 'ਚ ਗਰਮ ਕੋਟੀਆਂ/ਸ਼ਾਲ ਹੋਰ ਕੱਪੜਿਆਂ ਦੀ ਵਿਕਰੀ ਕਰਕੇ ਕਸ਼ਮੀਰੀਆ ਸਈਅਦ ਰਫੀਕ ਪਿੰਡ ਪਮਾਲ ਤੋਂ ਰੁੜਕਾ ਵਾਲੀ ਸੜਕ 'ਤੇ ਨਿਕਲਿਆ ਤਾਂ 2 ਮੋਟਰਸਾਈਕਲ ਲੁਟੇਰਿਆਂ ਨੇ ਸਾਈਕਲ ਸਵਾਰ ਕੱਪੜਿਆਂ ਦੇ ਵਪਾਰੀ ਰਫੀਕ ਨੂੰ ਘੇਰ ਲਿਆ | ਖਿੱਚ ਧੂਹ ਬਾਅਦ ਉਕਤ ਕਸ਼ਮੀਰੀਏ ਦੀ ਜੇਬ੍ਹ 'ਚ ਕਰੀਬ 15 ਹਜ਼ਾਰ ਦੀ ਰਾਸ਼ੀ ਖੋਹ ਕੇ ਦੋਵੇਂ ਲੁਟੇਰੇ ਰਫੂਚੱਕਰ ਹੋ ਗਏ | ਲੁੱਟ ਦਾ ਸ਼ਿਕਾਰ ਕਸ਼ਮੀਰੀਆ ਡਿੱਗਦਾ-ਢਹਿੰਦਾ ਥਾਣਾ ਜੋਧਾਂ ਪੁੱਜਾ ਅਤੇ ਲੁੱਟ ਦੀ ਇਤਲਾਹ ਦਿੱਤੀ | ਜੋਧਾਂ ਪੁੁਲਿਸ ਵਲੋਂ ਸਈਅਦ ਰਫੀਕ ਦੀ ਸ਼ਿਕਾਇਤ 'ਤੇ ਜ਼ੁਰਮ ਦੀਆਂ ਧਾਰਾਵਾਂ 304 (2), 126 (2), 3 (5) ਬੀ.ਐੱਨ.ਐੱਸ ਤਹਿਤ ਮੁਕੱਦਮਾ ਦਰਜ ਕਰ ਲਿਆ | ਦਾਖਾ ਪੁਲਿਸ ਸਬ ਡਵੀਜਨ ਦੇ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ, ਐੱਸ.ਐੱਚ.ਓ ਸਾਹਿਬਮੀਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਸਮੇਂ ਦੱਸਿਆ ਕਿ ਉਕਤ ਲੁਟੇਰਿਆਂ ਦੀ ਪੜਤਾਲ ਵਿਚ ਲੱਗੀ ਪੁਲਿਸ ਦੇ ਪਿੰਡ ਰੁੜਕਾ ਦਾ ਕੁਲਦੀਪ ਸਿੰਘ ਉਰਫ਼ ਬੰਟੀ ਹੱਥ ਆ ਗਿਆ | ਪੁਲਿਸ ਦੀ ਸਖਤੀ ਨਾਲ ਪੁੱਛਗਿੱਛ ਸਮੇਂ ਬੰਟੀ ਨੇ ਦੱਸਿਆ ਕਿ ਕਸ਼ਮੀਰੀਏ ਕੋਲੋਂ ਲੁੱਟ ਮੈਂ ਹੀ ਕੀਤੀ ਹੈ, ਕਸ਼ਮੀਰੀਆ ਲੁੱਟਣ ਸਮਾੇ ਮੇਰੇ ਨਾਲ ਸਾਹਿਬ ਸਿੰਘ ਢੱਟ ਮੌਜੂਦ ਸੀ | ਡੀ.ਐੱਸ.ਪੀ ਅਨੁਸਾਰ ਪੁਲਿਸ ਵਲੋਂ ਗਿ੍ਫਤਾਰ ਬੰਟੀ ਕੋਲੋਂ ਲੁੱਟ ਦੀ ਰਕਮ ਦਾ ਹਿੱਸਾ 6 ਹਜ਼ਾਰ ਬਰਾਮਦ ਕਰ ਲਏ ਗਏ, ਜਦ ਕਿ ਬਾਕੀ ਪੈਸੇ ਪਿੰਡ ਢੱਟ ਦੇ ਸਾਹਿਬ ਸਿੰਘ ਕੋਲ ਹੋਣ ਬਾਰੇ ਬੰਟੀ ਆਖ ਰਿਹਾ | ਪੁਲਿਸ ਅਨੁਸਾਰ ਪਿੰਡ ਰੁੜਕਾ ਕਲਾਂ ਦੇ ਕੁਲਦੀਪ ਸਿੰਘ ਉਰਫ਼ ਬੰਟੀ ਵਿਰੁੱਧ ਮਾਡਲ ਥਾਣਾ ਦਾਖਾ, ਲੁਧਿਆਣਾ ਸਦਰ, ਬਰਨਾਲਾ ਜ਼ਿਲ੍ਹੇ ਦੇ ਥਾਣਾ ਠੁੱਲੀਵਾਲ, ਮਹਿਲ ਕਲਾਂ ਵਿਚ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ | ਦੂਸਰੇ ਸਾਥੀ ਦੀ ਭਾਲ ਵਿਚ ਲੱਗੀ ਪੁਲਿਸ ਵਲੋਂ ਬੰਟੀ ਨੂੰ ਅਦਾਲਤ ਵਿਚ ਪੇਸ਼ ਕੀਤਾ |