ਜਗਰਾਉਂ, 18 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਜਗਰਾਉਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿਚ ਅੱਜ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਮਹਾਨ ਬਲੀਦਾਨ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ਕਾਲਜ ਡਾਇਰੈਕਟਰ ਪ੍ਰੋਫੈਸਰ ਗੁਰਜਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ | ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖ ਸ਼ਹੀਦਾਂ ਦੀ ਅਦਭੁੱਤ ਸ਼ਹਾਦਤ, ਉਨ੍ਹਾਂ ਦੀ ਅਟੁੱਟ ਆਸਤਿਕਤਾ ਅਤੇ ਧਰਮ ਲਈ ਅਟੱਲ ਸਮਰਪਣ ਬਾਰੇ ਜਾਣੂ ਕਰਾਉਣਾ ਸੀ | ਇਸ ਮੌਕੇ ਮੁੱਖ ਬੁਲਾਰੇ ਸ੍ਰੀਮਤੀ ਜਸਬੀਰ ਕੌਰ (ਸਿੱਖ ਮਿਸ਼ਨਰੀ ਕਾਲਜ) ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਉਹ ਸੁਨਹਿਰਾ ਅਧਿਆਏ ਹੈ ਜਿਸ ਨੇ ਮਾਨਵਤਾ, ਸੱਚ ਅਤੇ ਧਰਮ ਦੀ ਰੱਖਿਆ ਲਈ ਬੇਮਿਸਾਲ ਉਦਾਹਰਣ ਪੇਸ਼ ਕੀਤੀ | ਸੈਮੀਨਾਰ ਵਿਚ ਸ੍ਰੀਮਤੀ ਗੁਰਜੀਤ ਕੌਰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਰੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ | ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਗੁਰੂ ਜੀ ਦੇ ਸਲੋਕ, ਉਨ੍ਹਾਂ ਦੇ ਉਪਦੇਸ਼, ਨੈਤਿਕ ਮੁੱਲਾਂ, ਪੰਜ ਵਿਕਾਰ ਅਤੇ ਗੁਰਬਾਣੀ ਦੇ ਸਿਧਾਂਤਾਂ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ | ਇਸ ਮੌਕੇ ਵਾਈਸ ਡਾਇਰੈਕਟਰ ਪ੍ਰੋ: ਨਿਧੀ ਮਹਾਜਨ, ਡਾ: ਸਰਬਦੀਪ ਕੌਰ ਸਿੱਧੂ, ਡਾ: ਕਰਮਦੀਪ ਕੌਰ, ਸੁਮੀਤ ਸੋਨੀ, ਸਾਹਿਲ ਜਿੰਦਲ, ਚਰਨਜੀਤ ਕੌਰ, ਦਿਕਸ਼ਾ ਗਰਗ, ਭੁਪਿੰਦਰ ਕੌਰ, ਅਮਨਦੀਪ ਕੌਰ, ਡਿੰਪਲ ਪਾਰਚਾ, ਦਾਨਿਸ਼ ਪੁਰੀ, ਕਿਰਨਜੀਤ ਕੌਰ, ਆਕਾਸ਼ਦੀਪ ਕੌਰ, ਗਗਨਦੀਪ ਕੌਰ, ਸੋਨਮ, ਡਾ: ਗੁਰਪ੍ਰੀਤ ਸਿੰਘ, ਅਮਰਿੰਦਰ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |