ਜਗਰਾਉਂ, 18 ਨਵੰਬਰ (ਵਿਨੋਦ ਕੁਮਾਰ)-ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਨੇ ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਲਾਲਾ ਜੀ ਦੇ ਯੋਗਦਾਨ, ਉਨ੍ਹਾਂ ਦੀ ਵਚਨਬੱਧਤਾ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਅਤੇ ਉਨ੍ਹਾਂ ਦੇ ਰਾਸ਼ਟਰ ਪ੍ਰੇਮ ਦੇ ਸੰਦੇਸ਼ ਦਾ ਪ੍ਰਚਾਰ ਕੀਤਾ ਗਿਆ | ਵਿਦਿਆਰਥੀ ਕੌਂਸਲ ਮੈਂਬਰਾਂ ਦੁਆਰਾ ਉਨ੍ਹਾਂ ਦੇ ਜੱਦੀ ਘਰ ਤੱਕ ਮਾਰਚ ਕੀਤਾ ਗਿਆ ਅਤੇ ਰਾਣੀ ਝਾਂਸੀ ਚੌਂਕ ਵਿਖੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਣ ਲਈ ਇਕ ਸਟਰੀਟ ਸ਼ੋਅ ਦਾ ਆਯੋਜਨ ਕੀਤਾ ਗਿਆ | ਸਕੂਲ ਦੇ ਵਿਹੜੇ ਵਿਚ 'ਪ੍ਰੇਰਣਾ ਦਿਵਸ' ਸ਼ਾਮ ਦਾ ਸਮਾਰੋਹ ਮਨਾਇਆ ਗਿਆ | ਇਸ ਮੌਕੇ ਸਰਸਵਤੀ ਵੰਦਨਾ, ਐਰੋਬਿਕ ਡਾਂਸ, ਦੇਸ਼ ਭਗਤੀ ਗੀਤ, ਲਾਲਾ ਲਾਜਪਤ ਰਾਏ 'ਤੇ ਨਾਟਕ, ਪਿਰਾਮਿਡ ਡਾਂਸ ਅਤੇ ਕਲਾਸੀਕਲ ਡਾਂਸ ਸਮੇਤ ਕਈ ਗਤੀਵਿਧੀਆਂ ਸ਼ਾਮਿਲ ਸਨ | ਇਸ ਮੌਕੇ ਡੀ.ਏ.ਵੀ. ਸੀ.ਐੱਮ.ਸੀ. ਦੇ ਸਕੱਤਰ ਸ਼੍ਰੀ ਅਜੈ ਗੋਸਵਾਮੀ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਡੀ.ਏ.ਵੀ ਬੀ.ਆਰ.ਐਸ ਨਗਰ ਦੇ ਏ.ਆਰ.ਓ ਕਮ ਪਿ੍ੰਸੀਪਲ ਜਸਵਿੰਦਰ ਕੌਰ ਸਿੱਧੂ, ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਵੀ ਹਾਜ਼ਰ ਸਨ | ਇਸ ਮੌਕੇ ਜਗਰਾਉਂ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਸਮਾਜ ਵਿਚ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਅਕਾਦਮਿਕ ਇਨਾਮ ਵੀ ਦਿੱਤੇ ਗਏ, ਉਨ੍ਹਾਂ ਦੇ ਮਾਪੇ ਉਨ੍ਹਾਂ ਦੇ ਨਾਲ ਸਨ |