ਜਗਰਾਉਂ 'ਚ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆ ਰਹੇ ਨਗਰ ਕੀਰਤਨ ਸੰਬੰਧੀ ਪੁਲਿਸ ਨੇ ਰੂਟ ਪਲਾਨ ਕੀਤੇ ਜਾਰੀ
ਅਜੀਤ ਡੈਸਕ
19-11-2025
ਜਗਰਾਉਂ, 18 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਦੇਸ਼ ਭਰ ਅੰਦਰ ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਪੂਰੀ ਸ਼ਰਧਾ-ਭਾਵਨਾ ਨਾਲ ਮਨਾਏ ਜਾ ਰਹੇ ਹਨ | ਇਸ ਸਬੰਧੀ ਪੰਜਾਬ ਸਰਕਾਰ ਵਲੋਂ 20 ਨਵੰਬਰ ਨੂੰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਜਾਇਆ ਜਾ ਰਿਹਾ ਇਕ ਮਹਾਨ ਨਗਰ ਕੀਰਤਨ ਫਰੀਦਕੋਟ ਤੋਂ ਚੱਲ ਕੇ ਫਿਰੋਜ਼ਪੁਰ ਤੇ ਮੋਗਾ ਹੁੰਦਾ ਹੋਇਆ ਜਗਰਾਉਂ ਪੁੱਜੇਗਾ, ਜਿਹੜਾ ਇਸ ਤੋਂ ਬਾਅਦ ਮੁੱਲਾਂਪੁਰ, ਲੁਧਿਆਣਾ, ਖੰਨਾ ਤੋਂ ਹੁੰਦੇ ਹੋਏ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਜਾਵੇਗਾ | ਇਸ ਸਬੰਧੀ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵਲੋਂ ਇਕ ਰੂਟ ਪਲੈਨ ਕੀਤਾ ਤਾਂ ਕਿ ਲੋਕਾਂ ਨੂੰ ਆਉਣ-ਜਾਣ ਦੀ ਸਮੱਸਿਆ ਨਾ ਆਵੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 20 ਨਵੰਬਰ ਨੂੰ ਮਹਾਨ ਕੀਰਤਨ ਜਗਰਾਉਂ ਤੋਂ ਹੁੰਦਾ ਹੋਇਆ ਲੁਧਿਆਣਾ ਜਾ ਕੇ ਵਿਸ਼ਰਾਮ ਕਰੇਗਾ | ਉਨ੍ਹਾਂ ਦੱਸਿਆ ਕਿ ਮੋਗਾ ਤੋਂ ਆਉਣ ਵਾਲੇ ਵਹੀਕਲ ਧਰਮਕੋਟ ਤੋਂ ਹੁੰਦੇ ਹੋਏ ਸਿੱਧਵਾਂ ਬੇਟ ਤੇ ਹੰਬੜਾਂ ਰਾਹੀਂ ਲੁਧਿਆਣਾ ਜਾ ਸਕਣਗੇ | ਇਸ ਤੋਂ ਇਲਾਵਾ ਚੂਹੜਚੱਕ ਤੋਂ ਆਉਣ ਵਾਲੇ ਵਾਹਨ ਗਾਲਿਬ ਤੋਂ ਹੁੰਦੇ ਹੋਏ ਸਿੱਧਵਾਂ ਬੇਟ ਰਾਹੀਂ ਲੁਧਿਆਣਾ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਰਾਏਕੋਟ ਵਾਲੇ ਵਹੀਕਲ ਪੱਖੋਵਾਲ ਤੇ ਫੁੱਲਾਂਵਾਲ ਹੁੰਦੇ ਹੋਏ ਲੁਧਿਆਣਾ ਜਾ ਸਕਣਗੇ | ਉਨ੍ਹਾਂ ਦੱਸਿਆ ਕਿ 20 ਨਵੰਬਰ ਨੂੰ ਲੁਧਿਆਣਾ ਤੋਂ ਫਿਰੋਜ਼ਪੁਰ ਮੁੱਖ ਮਾਰਗ ਸਿਰਫ਼ ਸਿੰਗਲ ਲਾਈਨ ਹੀ ਚੱਲੇਗੀ |