ਮੁੱਲਾਂਪੁਰ-ਦਾਖਾ, 18 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਧਾਰਮਿਕ ਸਮਾਰੋਹ ਤੋਂ ਪਹਿਲਾਂ 20 ਨਵੰਬਰ ਨੂੰ ਵੱਖ-ਵੱਖ ਰੂਟਾਂ 'ਤੇ 4 ਵਿਸ਼ਾਲ ਨਗਰ ਕੀਰਤਨ ਸਜਾਏ ਜਾ ਰਹੇ ਹਨ | ਮਾਲਵਾ-1 ਰੂਟ ਦੇ ਪ੍ਰੋਗਰਾਮ ਹੇਠ ਫਰੀਦਕੋਟ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਵਿਸ਼ਾਲ ਨਗਰ ਕੀਰਤਨ ਫਿਰੋਜ਼ਪੁਰ, ਮੋਗਾ, ਜਗਰਾਉਂ ਹੁੰਦਾ ਹੋਇਆ 20 ਨਵੰਬਰ ਦੀ ਸ਼ਾਮ ਕਰੀਬ 4 ਵਜੇ ਮੰਡੀ ਮੁੱਲਾਂਪੁਰ ਪਹੁੰਚੇਗਾ | ਕੌਂਸਲਰ ਬਲਵਿੰਦਰ ਸਿੰਘ ਬੱਸਣ ਨੇ ਦੱਸਿਆ ਕਿ ਇਸ ਨਗਰ ਕੀਰਤਨ ਦਾ ਪੜਾਅ ਗੁਰਦੁਆਰਾ ਵਿਸ਼ਵਕਰਮਾ ਜੀ ਨੈਸ਼ਨਲ ਹਾਈਵੇ ਮੰਡੀ ਮੁੱਲਾਂਪੁਰ ਵਿਖੇ ਹੋਵੇਗਾ | ਕੌਂਸਲਰ ਬੱਸਣ ਵਲੋਂ ਸੰਗਤ ਨੂੰ ਅਪੀਲ ਕੀਤੀ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਸ਼ਹਿਰ ਵਿਚ ਸਵਾਗਤ ਸਮੇਂ ਸ਼ਾਮਿਲ ਹੋਇਆ ਜਾਵੇ | ਵਿਸ਼ਾਲ ਨਗਰ ਕੀਰਤਨ ਦੇ ਸਤਿਕਾਰ ਵਜੋਂ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੁਆਰਾ ਸ਼ਹਿਰ 'ਚ ਸੜਕਾਂ ਦੇ ਕਿਨਾਰੇ, ਆਲੇ-ਦੁਆਲੇ ਨੂੰ ਸਾਫ਼ ਕੀਤਾ ਜਾ ਰਿਹਾ |