ਹਲਵਾਰਾ, 5 ਨਵੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਹਵਾਈ ਅੱਡੇ ਦੀ ਸੁਰੱਖਿਆ ਗਾਰਡ ਵਿਚ ਤਾਇਨਾਤ ਬਲਜੀਤ ਸਿੰਘ ਬੰਬ (36) ਨੇ ਨਸ਼ੇ ਦੀ ਵੱਧ ਮਾਤਰਾ ਲੈ ਕੇ ਖੁਦਕੁਸ਼ੀ ਕਰ ਲਈ ਹੈ | ਬਲਜੀਤ ਸਿੰਘ ਨੇ ਖੁਦਕੁਸ਼ੀ ਨੋਟ ਵਿਚ ਆਪਣੀ ਮੌਤ ਦਾ ਜਿੰਮੇਵਾਰ ਪਤਨੀ ਅਤੇ ਸੱਸ ਨੂੰ ਠਹਿਰਾਇਆ ਹੈ | ਕਾਂਸਟੇਬਲ ਬਲਜੀਤ ਸਿੰਘ ਨੇ ਸੂਸਾਈਡ ਨੋਟ ਵਿਚ ਲਿਖਿਆ ਹੈ ਕਿ ਉਹ ਆਪਣੀ ਪਤਨੀ ਅਤੇ ਸੱਸ ਤੋਂ ਦੁਖੀ ਹੋ ਕੇ ਜੀਵਨ ਲੀਲਾ ਖ਼ਤਮ ਕਰ ਰਿਹਾ ਹੈ | ਬਲਜੀਤ ਸਿੰਘ ਨੇ ਅੱਗੇ ਲਿਖਿਆ ਕਿ ਉਸ ਦੀ ਪਤਨੀ ਦਲਜੀਤ ਕੌਰ ਪਿਛਲੇ ਚਾਰ ਸਾਲਾਂ ਤੋਂ ਆਪਣੇ ਇਕਲੌਤੇ ਪੁੱਤਰ ਅਰਪਨਜੋਤ ਸਿੰਘ ਸੰਧੂ ਨਾਲ ਪੇਕੇ ਘਰ ਰਹਿ ਰਹੀ ਹੈ | ਖ਼ੁਦਕੁਸ਼ੀ ਪੱਤਰ ਵਿਚ ਬਲਜੀਤ ਸਿੰਘ ਨੇ ਆਪਣੀ ਦੁਖਦਾਈ ਕਹਾਣੀ ਦੱਸੀ ਅਤੇ ਲਿਖਿਆ ਕਿ ਉਹ ਪਿਛਲੇ ਚਾਰ ਸਾਲਾਂ ਵਿਚ ਕਈ ਵਾਰ ਆਪਣੇ ਪੁੱਤਰ ਅਰਪਨਜੋਤ ਸਿੰਘ ਸੰਧੂ ਨੂੰ ਇਕੱਲੇ ਅਤੇ ਕਈ ਵਾਰ ਰਿਸ਼ਤੇਦਾਰਾਂ ਨਾਲ ਮਿਲਣ ਗਿਆ ਸੀ, ਪਰ ਉਸ ਨੂੰ ਕਦੇ ਮਿਲਣ ਨਹੀਂ ਦਿੱਤਾ ਗਿਆ | ਆਪਣੇ ਪੁੱਤਰ ਦੇ ਅਲੱਗ ਹੋਣ ਦੌਰਾਨ, ਉਸ ਨੇ ਸ਼ਰਾਬ ਅਤੇ ਹੋਰ ਨਸ਼ੇ ਕਰਨ ਲੱਗ ਪਿਆ | ਅੱਜ ਵੱਧ ਨਸ਼ਾ ਕਰਕੇ ਆਤਮ ਹੱਤਿਆ ਕਰਨ ਜਾ ਰਿਹਾ ਹਾਂ | ਐੱਸ.ਐੱਚ.ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਮਿ੍ਤਕ ਕਾਂਸਟੇਬਲ ਬਲਜੀਤ ਸਿੰਘ ਦੀ ਪਤਨੀ ਅਤੇ ਉਸ ਦੀ ਸੱਸ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ | ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਲਈ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਪਿੰਡ ਆਲਮਪੁਰਾ ਇਕ ਪੁਲਿਸ ਪਾਰਟੀ ਭੇਜੀ ਜਾ ਰਹੀ ਹੈ | ਬਲਜੀਤ ਸਿੰਘ ਦੀ ਦੇਹ ਦਾ ਪੋਸਟਮਾਰਟਮ ਅੱਜ ਵੀਰਵਾਰ 6 ਨਵੰਬਰ ਨੂੰ ਕੀਤਾ ਜਾਵੇਗਾ | ਬਲਜੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸ ਦਾ ਪੁੱਤਰ ਦੁਨੀਆ ਤੋਂ ਚਲਿਆ ਗਿਆ ਹੈ, ਪਰਿਵਾਰ ਗਹਿਰੇ ਸਦਮੇਂ ਵਿਚ ਹੈ | ਮੁਲਾਜ਼ਮ ਦੀ ਮਾਤਾ ਚਰਨਜੀਤ ਕੌਰ ਦੇ ਬਿਆਨ 'ਤੇ ਤਹਿਸੀਲ ਜ਼ੀਰਾ (ਫਿਰੋਜ਼ਪੁਰ) ਦੇ ਬਿਆਨ 'ਤੇ ਬਲਜੀਤ ਸਿੰਘ ਦੀ ਪਤਨੀ ਦਲਜੀਤ ਕੌਰ ਅਤੇ ਸੱਸ ਲਖਵਿੰਦਰ ਕੌਰ 'ਤੇ ਖ਼ੁਦਕੁਸ਼ੀ ਲਈ ਥਾਣਾ ਸੁਧਾਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |