ਰਾਏਕੋਟ, 5 ਨਵੰਬਰ (ਸੁਸ਼ੀਲ)-ਬੀ.ਕੇ.ਯੂ ਏਕਤਾ ਡਕੌਂਦਾ (ਧਨੇਰ) ਗਰੁੱਪ ਵਲੋਂ ਪਿਛਲੇ ਦੋ ਦਿਨਾਂ ਤੋਂ ਸਥਾਨਕ ਤਾਜਪੁਰ ਰੋਡ 'ਤੇ ਪੈਂਦੇ ਇਕ ਕੋਲਡ ਸਟੋਰ ਸਾਹਮਣੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਧੂਰਕੋਟ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਸ ਰੋਸ ਧਰਨੇ ਦੇ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਜੱਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਨੇ ਦੱਸਿਆ ਕਿ ਇਹ ਰੋਸ ਧਰਨਾ ਕੋਲਡ ਸਟੋਰ ਮਾਲਕ ਵਲੋਂ ਮਾਨਸਾ ਜ਼ਿਲ੍ਹੇ ਦੇ ਕੁਝ ਕਿਸਾਨਾਂ ਦੇ ਪੈਸੇ ਦੀ ਅਦਾਇਗੀ ਨਾ ਕਰਨ ਦੇ ਰੋਸ ਵਜੋਂ ਲਗਾਇਆ ਗਿਆ ਹੈ | ਪੀੜਤ ਕਿਸਾਨ ਛੋਟਾ ਸਿੰਘ ਸਰਪੰਚ, ਬਹਾਦਰ ਸਿੰਘ ਜਗਲਣ ਅਤੇ ਮਿੱਠਾ ਸਿੰਘ ਬਰਣ, ਬਿੱੱਕਰ ਸਿੰਘ ਚੋਟੀਆਂ ਨੇ ਦੱਸਿਆ ਕਿ ਇਸ ਕੋਲਡ ਸਟੋਰ ਦੇ ਮਾਲਕ ਵਲੋਂ ਮਾਨਸਾ ਜ਼ਿਲੇ੍ਹ ਵਿਚ ਕੋਲਡ ਸਟੋਰ ਕਿਰਾਏ 'ਤੇ ਲਿਆ ਗਿਆ ਸੀ, ਜਿੱਥੇ ਉਸ ਨੇ ਸਾਡਾ 80 ਲੱਖ ਦੇ ਕਰੀਬ ਰਕਮ ਦਾ ਆਲੂ ਮੁੱਲ ਪਾ ਕੇ ਰੱਖ ਲਿਆ ਸੀ, ਜਿਸ ਦੀ ਅਦਾਇਗੀ ਉਸ ਵਲੋਂ ਹੁਣ ਤੱਕ ਵੀ ਕਿਸਾਨਾਂ ਨੂੂੰ ਨਹੀਂ ਕੀਤੀ ਗਈ ਹੈੈੈ, ਜਿਸ ਸਬੰਧੀ ਕੋਲਡ ਸਟੋਰ ਮਾਲਕ ਨੇ ਕਿਸਾਨਾਂ ਨਾਲ ਡੀ.ਐੱਸ.ਪੀ ਰਛਪਾਲ ਸਿੰਘ ਦੀ ਮੌਜੂਦਗੀ 'ਚ ਹੋਏ ਇਕ ਸਮਝੌਤੇ ਵਿਚ ਰਕਮ ਕਿਸਾਨਾਂ ਨੂੰ ਮੋੜਨ ਦੀ ਗੱਲ ਮੰਨੀ ਸੀ ਅਤੇ 10 ਲੱਖ ਦੀ ਰਕਮ ਵਾਪਸ ਮੋੜ ਦਿੱਤੀ ਸੀ, ਪ੍ਰੰਤੂੂ ਬਾਕੀ ਰਕਮ ਹਾਲੇ ਵੀ ਬਕਾਇਆ ਖੜ੍ਹੀ ਹੈ, ਜਿਸ ਨੂੰ ਦੇਣ ਲਈ ਉਸ ਵਲੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ | ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਹ ਮਾਮਲਾ ਬੀ.ਕੇ.ਯੂ ਏਕਤਾ ਡਕੌਂਦਾ ਦੇ ਧਿਆਨ ਵਿੱਚ ਲਿਆਂਦਾ ਗਿਆ, ਪ੍ਰੰਤੂ ਕੋਲਡ ਸਟੋਰ ਮਾਲਕ ਵਲੋਂ ਕਿਸੇ ਫ਼ੈਸਲੇ 'ਤੇ ਨਾ ਪਹੁੰਚਣ ਕਾਰਨ ਜਥੇਬੰਦੀ ਵਲੋਂ ਇਹ ਰੋਸ ਧਰਨਾ ਸ਼ੁਰੂ ਕੀਤਾ ਗਿਆ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜਦ ਤੱਕ ਪੀੜਤ ਕਿਸਾਨਾਂ ਨੂੰ ਪੈਸੇ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ, ਤਦ ਤੱਕ ਇਹ ਰੋਸ ਧਰਨਾ ਜਾਰੀ ਰਹੇਗਾ | ਇਸ ਸਬੰਧ 'ਚ ਜਦ ਕੋਲਡ ਸਟੋਰ ਮਾਲਕ ਦਾ ਪੱਖ ਜਾਨਣ ਲਈ ਉਸ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਸ ਵਲੋਂ ਫੋਨ ਨਹੀਂ ਚੁੱਕਿਆ ਗਿਆ | ਇਸ ਮੌਕੇ ਰੋਸ ਧਰਨੇ ਵਿਚ ਹਾਕਮ ਸਿੰਘ ਸਕੱਤਰ ਬਲਾਕ ਰਾਏਕੋਟ, ਹਰਜੀਤ ਸਿੰਘ ਕਲਸੀਆਂ, ਬਿੱਟੂ ਤੂੰਗਾਹੇੜੀ, ਬਿੱਕਰ ਸਿੰਘ ਚੋਟੀਆਂ, ਸੁਖਚੈਨ ਸਿੰਘ ਚੱਕ ਅਲੀ ਸ਼ੇਰ, ਗੁਰਜੰਟ ਸਿੰਘ ਚੋਟੀਆਂ, ਗੁਰਵਿੰਦਰ ਸਿੰਘ ਟੋਡਰਪੁਰ, ਹਰਭਜਨ ਸਿੰਘ ਚੱਕ ਅਲੀ ਸ਼ੇਰ ਤੋਂ ਇਲਾਵਾ ਜਥੇਬੰਦੀ ਦੇ ਹੋਰ ਕਈ ਮੈਂਬਰ ਸ਼ਾਮਿਲ ਹਨ |