ਗੁਰੂਸਰ ਸੁਧਾਰ, 31 ਅਗਸਤ (ਜਗਪਾਲ ਸਿੰਘ ਸਿਵੀਆਂ)-ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਗਾਮੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸ੍ਰਮਤੀ ਚੋਣਾਂ ਲਈ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਸਾਬਕਾ ਸਰਪੰਚ ਤੇ ਜ਼ਿਲ੍ਹਾ ਪੰਚਾਇਤ ਯੂਨੀਅਨ ਪ੍ਰਧਾਨ ਪਰਮਜੀਤ ਸਿੰਘ ਟੂਸਾ ਨੂੰ ਚੋਣ ਇੰਚਾਰਜ ਨਿਯੁਕਤ ਕਰਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ | ਪਾਰਟੀ ਦੇ ਸੀਨੀਅਰ ਆਗੂ ਅਤੇ ਸਮਰਪਿਤ ਕਾਰਕੁੰਨ ਵਜੋਂ ਜਾਣੇ ਜਾਂਦੇ ਟੂਸਾ ਨੂੰ ਇਹ ਮਹੱਤਵਪੂਰਨ ਭੂਮਿਕਾ ਪਾਰਟੀ ਦੀ ਮਜ਼ਬੂਤੀ ਅਤੇ ਚੋਣ ਰਣਨੀਤੀ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਦਿੱਤੀ ਗਈ ਹੈ | ਭਾਜਪਾ ਆਗੂ ਪਰਮਜੀਤ ਸਿੰਘ ਟੂਸਾ ਨੇ ਇਸ ਨਿਯੁਕਤੀ 'ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ, 'ਮੈਂ ਪਾਰਟੀ ਦੇ ਵਿਸ਼ਵਾਸ ਨੂੰ ਕਾਇਮ ਰੱਖਾਂਗਾ ਅਤੇ ਹਲਕੇ ਵਿਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ-ਰਾਤ ਮਿਹਨਤ ਕਰਾਂਗਾ |U ਉਨ੍ਹਾਂ ਨੇ ਕਾਰਕੁੰਨਾਂ ਨੂੰ ਇਕਜੁੱਟ ਹੋ ਕੇ ਚੋਣ ਮੁਹਿੰਮ ਨੂੰ ਸਫਲ ਬਣਾਉਣ ਦੀ ਅਪੀਲ ਵੀ ਕੀਤੀ | ਚੋਣ ਇੰਚਾਰਜ ਵਜੋਂ ਪਰਮਜੀਤ ਸਿੰਘ ਟੂਸਾ ਦੀ ਨਿਯੁਕਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਮੀਤ ਪ੍ਰਧਾਨ ਬਾਲ ਕਿ੍ਸਨ ਗਰਗ, ਭਾਜਪਾ ਮੰਡਲ ਸੁਧਾਰ ਪ੍ਰਧਾਨ ਮਨੋਜ ਗੋਇਲ (ਸ਼ਕਤੀ ਕਰਿਆਨਾ ਵਾਲੇ), ਭਜਨ ਸਿੰਘ ਅਕਾਲਗੜ੍ਹ ਜ਼ਿਲ੍ਹਾ ਮੀਤ ਪ੍ਰਧਾਨ ਐੱਸ.ਸੀ. ਵਿੰਗ ਭਾਜਪਾ, ਮਹਿੰਦਰ ਦੇਵ, ਯਸ਼ਪਾਲ ਸ਼ਰਮਾ ਤੇ ਹੋਰਨਾਂ ਹਲਕਾ ਰਾਏਕੋਟ ਦੇ ਭਾਜਪਾ ਆਗੂਆਂ ਨੇ ਕਿਹਾ ਕਿ ਸਾਬਕਾ ਸਰਪੰਚ ਪਰਮਜੀਤ ਸਿੰਘ ਟੂਸੇ ਦੀ ਇਸ ਨਿਯੁਕਤੀ ਨਾਲ ਹਲਕਾ ਰਾਏਕੋਟ ਵਿਚ ਭਾਜਪਾ ਦੀ ਸਰਗਰਮੀਆਂ ਨੂੰ ਹੋਰ ਤੇਜ਼ੀ ਮਿਲੇਗੀ ਅਤੇ ਉਹ ਆਗਾਮੀ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਮਜ਼ਬੂਤ ਪ੍ਰਦਰਸ਼ਨ ਕਰਨ ਦੀ ਰਣਨੀਤੀ ਤਿਆਰ ਕਰਨਗੇ | ਸਥਾਨਕ ਲੋਕਾਂ ਅਤੇ ਪਾਰਟੀ ਵਰਕਰਾਂ ਵਿਚ ਇਸ ਨਿਯੁਕਤੀ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ |