ਰਾਏਕੋਟ, 31 ਅਗਸਤ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਅੱਜ ਸ਼ਾਮ 5 ਵਜੇ ਦੇ ਕਰੀਬ ਰਾਏਕੋਟ-ਮਲੇਰਕੋਟਲਾ ਰੋਡ 'ਤੇ ਰਾੲਕੋਟ ਤੋਂ ਮਲੇਰਕੋਟਲਾ ਨੂੰ ਜਾ ਰਹੀ ਪੀ.ਆਰ.ਟੀ.ਸੀ ਬੱਸ ਦਾ ਸੰਤੁਲਨ ਵਿਗੜਨ 'ਤੇ ਬੱਸ ਖੰਭੇ ਨੂੰ ਭੰਨ੍ਹਦੀ ਹੋਈ ਕੰਧ ਨਾਲ ਜਾ ਟਕਰਾਈ | ਇਸ ਮੌਕੇ ਰਕੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ 5 ਵਜੇ ਦੇ ਕਰੀਬ ਰਾਏਕੋਟ ਤੋਂ ਮਲੇਰਕੋਟਲਾ ਨੂੰ ਜਾ ਰਹੀ ਪੀ.ਆਰ.ਟੀ.ਸੀ. ਬੱਸ ਜਿਸ ਦਾ ਨੰਬਰ ਪੀ.ਬੀ. 13 ਡੀ.ਐੱਨ 6054 ਹੈ, ਜਿਸ ਨੂੰ ਡਰਾਈਵਰ ਜਸਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਜਲਾਲ (ਸੰਗਰੂਰ) ਚਲਾ ਰਿਹਾ ਸੀ, ਜਦੋਂ ਬੱਸ ਸ਼ਹਿਰ ਦੇ ਤਾਜਪੁਰ ਚੌਂਕ ਤੋਂ ਕੁਝ ਕੁ ਅੱਗੇ ਪਹੁੰਚੀ ਤਾਂ ਡਰਾਈਵਰ ਜਸਵੀਰ ਸਿੰਘ ਤੋਂ ਬੱਸ ਬੇਕਾਬੂ ਹੋ ਗਈ ਅਤੇ ਖੰਭੇ ਨਾਲ ਟਕਰਾਉਂਦੀ ਹੋਈ ਜਗਨ ਨਾਥ ਸੀਮੈਂਟ ਸਟੋਰ ਦੀ ਕੰਧ ਨਾਲ ਜਾ ਟਕਰਾਈ | ਇਸ ਜ਼ਬਰਦਸਤ ਟੱਕਰ ਦੌਰਾਨ ਜ਼ਖ਼ਮੀ ਡਰਾਈਵਰ ਜਸਵੀਰ ਸਿੰਘ ਸਮੇਤ ਜ਼ਖ਼ਮੀ ਸਵਾਰੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ | ਉਪਰੰਤ ਜ਼ਖ਼ਮੀਆਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਰਾਏਕੋਟ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ | ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ |