ਚੌਂਕੀਮਾਨ, 31 ਅਗਸਤ (ਤੇਜਿੰਦਰ ਸਿੰਘ ਚੱਢਾ)-ਪਿੰਡ ਸਿੱਧਵਾਂ ਕਲਾਂ ਵਿਖੇ ਸਮਾਜ ਸੇਵੀ ਮਨਦੀਪ ਸਿੰਘ ਸਿੱਧਵਾਂ (ਸਿੱਧੂ ਖੇਤੀਬਾੜੀ ਸਟੋਰ), ਸਰਪੰਚ ਸਰਨਪ੍ਰੀਤ ਸਿੰਘ ਸਿੱਧਵਾਂ, ਸਾਬਕਾ ਪੰਚ ਹਰਦੇਵ ਸਿੰਘ ਸਿੱਧੂ, ਬਲਤੇਜ ਸਿੰਘ ਸਿੱਧਵਾਂ ਤੇ ਚੇਅਰਮੈਨ ਬਲਜੀਤ ਸਿੰਘ ਬਿੱਲੂ, ਲਾਡੀ ਸਿੱਧਵਾਂ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡ ਦੇ ਛੱਪੜ ਦੀ ਸਫ਼ਾਈ ਕੀਤੀ | ਇਸ ਮੌਕੇ ਉਕਤ ਆਗੂਆਂ ਨੇ ਦੱਸਿਆ ਕੇ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਨਾਲ ਹੜ੍ਹਾਂ ਵਰਗਾ ਮਾਹੌਲ ਬਣ ਗਿਆ ਸੀ ਤੇ ਛੱਪੜ ਪਾਣੀ ਨਾਲ ਭਰ ਗਿਆ | ਜਿਸ ਨਾਲ ਗਲੀਆਂ-ਨਾਲੀਆਂ ਵਿਚ ਪਾਣੀ ਖੜ ਗਿਆ ਤੇ ਪਿੰਡ ਵਾਸੀਆਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਅੱਜ ਨੌਜਵਾਨ ਵੀਰਾਂ ਵਲੋਂ ਬਾਰਿਸ਼ ਵਿਚ ਹੀ ਛੱਪੜ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ | ਜਿਸ ਵਿਚ ਸਮੁੱਚੇ ਨਗਰ ਵਲੋਂ ਵੱਡਾ ਸਹਿਯੋਗ ਨੌਜਵਾਨ ਨੂੰ ਦਿੱਤਾ ਜਾ ਰਿਹਾ ਹੈ ਤੇ ਆਪ ਮੁਹਾਰੇ ਹੀ ਪਿੰਡ ਵਾਸੀ ਟਰੈਕਟਰ ਲਿਆ ਕੇ ਛੱਪੜ ਦੇ ਕੰਮ ਵਿਚ ਆਪਣਾ ਯੋਗਦਾਨ ਪਾ ਰਹੇ ਹਨ | ਇਸ ਮੌਕੇ ਰਮਨਦੀਪ ਸਿੰਘ, ਮਨਦੀਪ ਸਿੰਘ, ਤਰਸੇਮ ਸਿੰਘ, ਪਰਮਿੰਦਰ ਸਿੰਘ, ਦਰਸ਼ਨ ਸਿੰਘ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ ਨਿੱਕਾ ਆਦਿ ਹਾਜ਼ਰ ਸਨ |