ਸਿੱਧਵਾਂ ਬੇਟ, 31 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਸਾਬਕਾ ਵਿਧਾਇਕ ਐਸ.ਆਰ. ਕਲੇਰ ਨੇ ਅੱਜ ਫਿਰ ਮੌਕੇ 'ਤੇ ਪੁੱਜ ਕੇ ਜ਼ਿਲ੍ਹਾ ਲੁਧਿਆਣਾ ਵਾਲੇ ਪਾਸੇ ਪਿੰਡ ਪਰਜੀਆਂ ਬਿਹਾਰੀਪੁਰ ਵਿਖੇ ਦਰਿਆ ਸਤਲੁਜ ਦੇ ਤੇਜ਼ ਪਾਣੀ ਨਾਲ ਕਿਸਾਨਾਂ ਦੀ ਦਰਿਆ ਸਤਲੁਜ ਵਿਚ ਬੁਰਦ ਹੋ ਰਹੀਆਂ ਜ਼ਮੀਨਾਂ ਅਤੇ ਬਰਬਾਦ ਹੋ ਰਹੀਆਂ ਫ਼ਸਲਾਂ ਤੋਂ ਮੌਕੇ 'ਤੇ ਪੁੱਜੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ | ਉਨ੍ਹਾਂ ਇਸ ਮੌਕੇ ਪ੍ਰਭਾਵਿਤ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਭਾਵੇਂ ਕੁਦਰਤੀ ਆਫ਼ਤ ਵਿਚ ਕਿਸੇ ਦਾ ਜ਼ੋਰ ਨਹੀਂ ਚੱਲਦਾ, ਪਰ ਫਿਰ ਵੀ ਬਦਲਾਅ ਵਾਲੀ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਬੰਨ੍ਹਾਂ ਦੀ ਮਜ਼ਬੂਤੀ ਲਈ ਕੁਝ ਨੀਵੇਂ ਬੰਨ੍ਹਾਂ 'ਤੇ ਮਿੱਟੀ ਪਾਉਣ ਤੋਂ ਸਿਵਾਏ ਕੁਝ ਨਹੀਂ ਕੀਤਾ | ਹੁਣ ਜਦੋਂ ਕਿਸਾਨ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਤਾਂ ਸਰਕਾਰ ਦੇ ਨੁਮਾਇੰਦੇ ਫੋਟੋਆਂ ਖਿਚਵਾ ਕੇ ਇਕ ਤਰ੍ਹਾਂ ਨਾਲ ਗੋਂਗਲੂਆਂ ਤੋਂ ਮਿੱਟੀ ਝਾੜਣ ਦਾ ਕੰਮ ਕਰ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਰ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚਟਾਨ ਵਾਂਗ ਖੜ੍ਹਕੇ ਹੜ੍ਹ ਪੀੜਤ ਲੋਕਾਂ ਦੀ ਬਣਦੀ ਸਹਾਇਤਾ ਕਰ ਰਿਹਾ ਹੈ | ਸਾਬਕਾ ਵਿਧਾਇਕ ਕਲੇਰ ਨੇ ਮਾਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਫ਼ਸਲਾਂ ਦਰਿਆ ਵਿਚ ਬੁਰਦ ਹੋ ਗਈਆਂ ਹਨ | ਉਨ੍ਹਾਂ ਨੂੰ ਤੁਰੰਤ ਬਣਦਾ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਅਸੀਂ ਪੂਰੀ ਮਿਹਨਤ ਨਾਲ ਜ਼ਮੀਨਾਂ ਆਬਾਦ ਕੀਤੀਆਂ ਸਨ, ਪਰ ਹੜ੍ਹਾਂ ਦਾ ਪਾਣੀ ਉਨ੍ਹਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਬਰਬਾਦ ਕਰ ਰਿਹਾ ਹੈ ਜਿਸ ਵੱਲ ਸਰਕਾਰ ਧਿਆਨ ਦੇਵੇ | ਇਸ ਮੌਕੇ ਸਰਕਲ ਪ੍ਰਧਾਨ ਤੇਜਿੰਦਰਪਾਲ ਸਿੰਘ ਕੰਨੀਆਂ, ਸਾਬਾਕ ਸਰਪੰਚ ਸੁਰਿੰਦਰ ਸਿੰਘ ਤੋਂ ਇਲਾਵਾ ਸਤਲੁਜ ਦਰਿਆ ਦੇ ਦੋਵੇਂ ਪਾਸੇ ਵਸੇ ਲੋਕਾਂ ਨੇ ਕਲੇਰ ਕੋਲ ਆਪਣੇ ਦੁੱਖੜੇ ਸੁਣਾਏ ਅਤੇ ਸੂਬਾ ਸਰਕਾਰ ਨੂੰ ਪਾਣੀ ਪੀ-ਪੀ ਕੋਸਿਆ |