ਮਾਲ ਵਿਭਾਗ ਦੀ ਰਿਸ਼ਵਤ ਨਿੱਜੀ ਬੈਂਕਾਂ ਦੇ ਕਰਿੰਦਿਆਂ ਵਲੋਂ ਵਸੂਲਣ ਦੀ ਛਿੜੀ ਚਰਚਾ
ਅਜੀਤ ਡੈਸਕ
01-09-2025
ਜਗਰਾਉਂ, 31 ਅਗਸਤ (ਗੁਰਦੀਪ ਸਿੰਘ ਮਲਕ)-ਵਿਜੀਲੈਂਸ ਤੇ ਸੂਬਾ ਸਰਕਾਰ ਦੀ ਸਖ਼ਤੀ ਤੋਂ ਬਾਅਦ ਜਿਥੇ ਜਗਰਾਉਂ ਤਹਿਸੀਲ ਦੇ ਵਸੀਕਾ ਨਵੀਸ ਮਾਲ ਵਿਭਾਗ ਦੀ ਦਲਾਲੀ ਕਰਨ ਤੋਂ ਕਿਨਾਰਾ ਕਰਨ ਲੱਗੇ ਹਨ, ਉਥੇ ਕੁਝ ਨਿੱਜੀ ਬੈਂਕਾਂ ਦੇ ਕਰਿੰਦਿਆਂ ਨੇ ਹੁਣ ਇਹ ਕੰਮ ਸੰਭਾਲ ਲਿਆ ਦੱਸਿਆ ਜਾਂਦਾ ਹੈ | ਆਲ੍ਹਾ ਸੂਤਰਾਂ ਅਨੁਸਾਰ ਸਭ ਤੋਂ ਪਹਿਲਾਂ ਨਾਨਕਸਰ ਨੇੜਲੇ ਪਿੰਡ ਦਾ ਇਕ ਵਸੀਕਾ ਨਵੀਸ ਵਿਜੀਲੈਂਸ ਦੇ ਨਿਸ਼ਾਨੇ 'ਤੇ ਸੀ, ਪਰ ਉਸ ਦੇ ਪੁੱਤਰਾਂ ਨੇ ਆਪਣਾ ਪਿਤਾ ਨੂੰ ਤਹਿਸੀਲ ਵਿਚ ਬੈਠਣ ਤੋਂ ਮਨ੍ਹਾਂ ਕਰ ਦਿੱਤਾ | ਇਸ ਤੋਂ ਬਾਅਦ ਇਕ 1980 ਤੋਂ ਰਜਿਸਟਰੀਆਂ ਲਿਖ ਰਿਹਾ ਵਸੀਕਾ ਨਵੀਸ ਤਬਦੀਲ ਮਲਕੀਅਤ ਦੀ ਰਜਿਸਟਰੀ ਦਾ 15 ਹਜ਼ਾਰ ਰੁਪਏ ਲੈ ਕੇ ਆਪਣੀ ਜਾਨ ਫਸਾ ਬੈਠਾ, ਜਿਸ ਨੂੰ ਦੋ ਵਕੀਲਾਂ ਵਿਚ ਪੈ ਕੇ ਮਾਮਲਾ ਸ਼ਾਂਤ ਕਰ ਦਿੱਤਾ | ਇਸ ਵਸੀਕਾ ਨਵੀਸ ਦੀ ਤਹਿਸੀਲਦਾਰ ਵਲੋਂ ਵੀ ਚੰਗੀ ਖਿਚਾਈ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ | ਹੁਣ ਇਹ ਦੋਵੇਂ ਵਸੀਕਾ ਨਵੀਸ ਰਜਿਸਟਰੀਆਂ ਲਿਖਣ ਤੋਂ ਤੌਬਾ ਕਰ ਚੁੱਕੇ ਹਨ ਤੇ ਬਾਕੀ ਵਸੀਕਾ ਨਵੀਸ ਬੜਾ ਬਚ ਕੇ ਗ਼ਲਤ ਕੰਮ ਕਰ ਰਹੇ ਦੱਸੇ ਜਾਂਦੇ ਹਨ | ਦੂਜੇ ਪਾਸੇ ਪਟਵਾਰੀਆਂ ਤੇ ਤਹਿਸੀਲ ਅਮਲੇ ਦੀ ਰਿਸ਼ਵਤ ਹੁਣ ਕਥਿਤ ਤੌਰ 'ਤੇ ਨਿੱਜੀ ਬੈਂਕਾਂ ਦੇ ਕਰਿੰਦੇ ਵਸੂਲ ਰਹੇ ਹਨ | ਸਿੱਧਵਾਂ ਬੇਟ ਨੇੜੇ ਪਿੰਡ ਵਾਸੀ ਇਕ ਕਰਿੰਦੇ ਦੀ ਇਕ ਮਹਿਲਾ ਪਟਵਾਰੀ ਨੂੰ ਪੰਜ ਸੌ ਰੁਪਏ ਦਿੰਦੇ ਹੋਏ ਦੀ ਵੀਡੀਓ ਮੁੱਖ ਮੰਤਰੀ ਦੀ ਭਿ੍ਸ਼ਟਾਚਾਰੀ ਵਿਰੋਧੀ ਹੈਲਪਲਾਈਨ 'ਤੇ ਪੁੱਜ ਜਾਣ ਦੀ ਪੁਸ਼ਟੀ ਸੂਤਰਾਂ ਨੇ ਕੀਤੀ ਹੈ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਪਟਵਾਰੀ ਦੀ ਹਾਲੇ ਤਨਖ਼ਾਹ ਵੀ ਪੂਰੀ ਨਹੀਂ ਹੋਈ, ਪਰ ਇਸ ਵਿਰੁੱਧ ਕਿਸੇ ਵੇਲੇ ਵੀ ਕਾਰਵਾਈ ਅਮਲ ਵਿਚ ਆ ਜਾਣ ਦੀ ਜਾਣਕਾਰੀ ਮਿਲੀ ਹੈ | ਦੂਜੇ ਪਾਸੇ ਮਾਣੂੰਕੇ ਪਿੰਡ ਦੇ ਵਸੀਕਾ ਨੰਬਰ 2023-24/20/1/3128, ਮਿਤੀ 20-11-2023 ਦੇ 8500 ਰੁਪਏ ਵਸੂਲ ਕੇ 6500 ਰੁਪਏ ਪਿੰਡ ਦੇ ਨੰਬਰਦਾਰ ਦੀ ਹਾਜ਼ਰੀ ਵਿਚ ਵਾਪਸ ਕਰਨ ਦੇ ਮਾਮਲੇ ਵਿਚ ਵੀ ਗਾਲਿਬ ਪਿੰਡ ਦੇ ਇਕ ਵਸੀਕਾ ਨਵੀਸ ਦੀ ਸ਼ਾਮਤ ਆ ਸਕਦੀ ਹੈ | ਇਸ ਮਾਮਲੇ ਵਿਚ ਉਸ ਵੇਲੇ ਦੇ ਰਜਿਸਟਰੀ ਕਲਰਕ 'ਤੇ ਵੀ ਕਾਰਵਾਈ ਹੋਣ ਦੀ ਸੂਚਨਾ ਮਿਲੀ ਹੈ | ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਵਸੀਕੇ ਦੇ ਪੈਸੇ ਇਸ ਵਸੀਕਾ ਨਵੀਸ ਨਾਲ ਬੈਠਦੇ ਉਸ ਦੇ ਸਾਥੀ ਨੇ ਵਸੂਲੇ ਸਨ, ਪਰ ਚਲਾਕੀ ਨਾਲ ਵਸੀਕੇ 'ਤੇ ਮੋਹਰ ਇਸ ਵਿਅਕਤੀ ਦੀ ਲਗਵਾ ਦਿੱਤੀ | ਉਧਰ ਅਕਾਲਗੜ੍ਹ ਪਿੰਡ ਦਾ ਇਕ ਇਕੁਟੇਬਲ ਮਾਰਟਗੇਜ ਦਾ ਇੰਤਕਾਲ ਦੋ ਮਹੀਨਿਆਂ ਤੱਕ ਰੋਕਣਾ ਸਬਿੰਧਤ ਪਟਵਾਰੀ ਨੂੰ ਮਹਿੰਗਾ ਪੈ ਸਕਦਾ ਹੈ | ਇਹ ਮਾਮਲਾ ਵੀ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਵਿਚਾਰ ਅਧੀਨ ਦੱਸਿਆ ਜਾ ਰਿਹਾ ਹੈ | ਸਬੰਧਿਤ ਪਟਵਾਰੀ 'ਤੇ ਦੋਸ਼ ਹਨ ਕਿ ਉਸ ਨੇ 600 ਰੁਪਏ ਰਿਸ਼ਵਤ ਮੰਗੀ, ਪਰ ਪੈਸੇ ਨਾ ਮਿਲਣ ਕਰਾਨ ਉਸ ਨੇ ਇਕੁਟੇਬਲ ਮਾਰਟਗੇਜ ਦੀ ਫ਼ੀਸ ਰਸੀਦ ਗਾਇਬ ਕਰ ਦਿੱਤੀ | ਇਸ ਇਕੁਟੇਬਲ ਮਾਰਟਗੇਜ ਦੀ ਫ਼ੀਸ 27-3-2025 ਨੂੰ ਰਸੀਦ ਨੰਬਰ 73641774, ਦਫ਼ਤਰ ਕਾਨੂੰਨਗੋ ਨੰਬਰ 184, 27-3-2025 ਤਹਿਤ ਦਰਜ ਹੋ ਗਈ ਸੀ, ਪਰ ਪਟਵਾਰੀ ਨੇ ਰਪਟ 316, ਮਿਤੀ 4-5-2025 ਨੂੰ ਉਸ ਵੇਲੇ ਦਰਜ ਕੀਤੀ, ਜਦੋਂ ਮਾਮਲਾ ਇਕ ਗੈਰ-ਸਰਕਾਰੀ ਸੰਗਠਨ ਵਧੀਕ ਮਾਲ ਸਕੱਤਰ ਤੱਕ ਪਹੁੰਚਾ ਦਿੱਤਾ | ਚਰਚਾ ਹੈ ਕਿ ਅਗਲੇ ਦਿਨਾਂ ਜਗਰਾਉਂ ਤੇ ਰਾਏਕੋਟ ਦੇ ਮਾਲ ਵਿਭਾਗ ਨਾਲ ਸਬੰਧਿਤ ਮਾਮਲਾ ਸੂਬਾ ਪੱਧਰ 'ਤੇ ਗੂੰਜ ਸਕਦਾ ਹੈ |