ਗੁਰੂਸਰ ਸੁਧਾਰ, 21 ਜੁਲਾਈ (ਜਗਪਾਲ ਸਿੰਘ ਸਿਵੀਆਂ)-ਪੰਜਾਬ 'ਚ 27 ਜੁਲਾਈ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤ ਜ਼ਿਮਨੀ ਚੋਣਾਂ ਲਈ ਸੁਧਾਰ ਬਲਾਕ ਵਿਚ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਰਿਟਰਨਿੰਗ ਅਫ਼ਸਰ ਇਤਬਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਪ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਮੁੱਚੇ ਪ੍ਰਬੰਧ ਮੁਕੰਮਲ ਹਨ | ਨਾਮਜ਼ਦਗੀਆਂ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਯੋਗ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ, ਜਦਕਿ ਕਈ ਪਿੰਡਾਂ ਵਿਚ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ ਗਏ ਹਨ | ਆਰ.ਓ. ਇਤਬਾਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਿਨਾਂ ਬਲਾਕ ਦੀਆਂ ਉੱਪ ਚੋਣਾਂ 'ਚ ਪਿੰਡ ਪੱਬੀਆਂ ਦੇ ਵਾਰਡ ਨੰਬਰ 1 ਵਿਚ ਸੰਦੀਪ ਕੌਰ, ਸਰਬਜੀਤ ਕੌਰ, ਨਵੀਂ ਆਬਾਦੀ ਅਕਾਲਗੜ੍ਹ ਦੇ ਵਾਰਡ ਨੰਬਰ 3 ਵਿਚ ਸੁਖਵਿੰਦਰ ਸਿੰਘ ਅਤੇ ਬਾਬੂ ਨਾਇਕ, ਪਿੰਡ ਚੌਂਕੀਮਾਨ ਦੇ ਵਾਰਡ ਨੰਬਰ 2 ਵਿਚ ਅਮਰਜੀਤ ਸਿੰਘ ਅਤੇ ਜਰਨੈਲ ਸਿੰਘ ਨੂੰ ਚੋਣ ਨਿਸ਼ਾਨ ਕਰ ਦਿੱਤਾ ਗਿਆ | ਕਈ ਪਿੰਡਾਂ ਵਿਚ ਉਮੀਦਵਾਰਾਂ ਨੇ ਬਿਨਾਂ ਮੁਕਾਬਲੇ ਜਿੱਤ ਹਾਸਲ ਕੀਤੀ | ਇਨ੍ਹਾਂ ਵਿਚ ਪਿੰਡ ਸੁਧਾਰ ਦੇ ਵਾਰਡ ਨੰਬਰ 1 ਤੋਂ ਕੁਲਦੀਪ ਕੌਰ, ਸੁਧਾਰ ਪੱਤੀ ਧਾਲੀਵਾਲ ਦੇ ਵਾਰਡ ਨੰਬਰ 3 ਤੋਂ ਕਰਮਜੀਤ ਸਿੰਘ, ਵਾਰਡ ਨੰਬਰ 5 ਤੋਂ ਬਲਜੀਤ ਕੌਰ, ਜੱਸੋਵਾਲ ਦੇ ਵਾਰਡ ਨੰਬਰ 5 ਤੋਂ ਸਤਵੀਰ ਸਿੰਘ ਅਤੇ ਬੜੈਚ ਦੇ ਵਾਰਡ ਨੰਬਰ 1 ਤੋਂ ਸੰਦੀਪ ਕੌਰ ਸ਼ਾਮਿਲ ਹਨ | ਰਿਟਰਨਿੰਗ ਅਫ਼ਸਰ ਇਤਬਾਰ ਸਿੰਘ ਨੇ ਚੋਣਾਂ ਦੌਰਾਨ ਸੁਰੱਖਿਆ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣ ਬਾਰੇ ਦੱਸਿਆ, ਉਨ੍ਹਾਂ ਉੱਪ ਚੋਣਾਂ ਵਾਲੇ ਪਿੰਡ ਵਾਸੀਆਂ ਨੂੰ ਸ਼ਾਂਤੀਪੂਰਨ ਵੋਟਿੰਗ ਵਿਚ ਹਿੱਸਾ ਲੈਣ ਅਤੇ ਆਪਣੇ ਨੁਮਾਇੰਦੇ ਚੁਣਨ ਦੀ ਅਪੀਲ ਕੀਤੀ ਗਈ ਹੈ | ਇਸ ਮੌਕੇ ਆਰ.ਓ. ਟੀਮ ਦੇ ਮੈਂਬਰ ਲੈਕਚਰਾਰ ਗੁਰਜਿੰਦਰ ਸਿੰਘ, ਪਿ੍ੰਸੀਪਲ ਗੁਰਦੀਪ ਸਿੰਘ ਬੱਸੀਆਂ, ਜਸਵੀਰ ਸਿੰਘ, ਜਗਜੀਤ ਸਿੰਘ, ਅਮਨਦੀਪ ਸਿੰਘ ਧਾਲੀਵਾਲ ਹਾਜ਼ਰ ਸਨ |