ਜਗਰਾਉਂ, 21 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਵਲੋਂ ਲਿਆਂਦੀ ਲੈਂਡ ਪੂਿਲੰਗ ਪਾਲਿਸੀ ਦਾ ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ | ਸਰਕਾਰ ਆਪਣੇ ਫ਼ੈਸਲੇ 'ਤੇ ਅਡਿਗ ਹੈ ਕਿ ਇਸ ਪਾਲਿਸੀ ਨੂੰ ਲਾਗੂ ਕਰਨਾ ਹੈ ਅਤੇ ਕਿਸਾਨਾਂ ਤੋਂ ਜ਼ਮੀਨ ਐਕਵਾਇਰ ਕਰਨੀ ਹੈ | ਮੁਹਾਲੀ ਅਤੇ ਪਟਿਆਲੇ ਜ਼ਿਲਿ੍ਹਆਂ ਵਿਚ ਪੰਜਾਬ ਸਰਕਾਰ ਨੇ ਕੁਝ ਕਿਸਾਨਾਂ ਨੂੰ ਭਰੋਸੇ 'ਚ ਲੈ ਕੇ ਜ਼ਮੀਨ ਐਕਵਾਇਰ ਕਰਨ ਦਾ ਦਾਅਵਾ ਕੀਤਾ ਹੈ | ਅੱਜ ਇਸੇ ਤਹਿਤ ਹੀ ਪਿੰਡ ਮਲਕ ਵਿਖੇ ਪ੍ਰਸ਼ਾਸ਼ਕ ਅਧਿਕਾਰੀ ਪਿੰਡ ਵਾਸੀਆਂ ਨੂੰ ਲੈਂਡ ਪੂਿਲੰਗ ਪਾਲਿਸੀ ਬਾਰੇ ਸਮਝਾਉਣ ਗਏ ਸਨ | ਇਸ ਦਾ ਪਤਾ ਚੱਲਦਿਆਂ ਹੀ ਸੈਂਕੜੇ ਕਿਸਾਨ ਪਿੰਡ ਦੇ ਸਰਕਾਰੀ ਸਕੂਲ ਨੇੜੇ ਇਕੱਤਰ ਹੋ ਗਏ ਅਤੇ ਕਾਲੀਆਂ ਝੰਡੀਆਂ ਦਿਖਾ ਕੇ ਅਧਿਕਾਰੀਆਂ ਦਾ ਵਿਰੋਧ ਕਰਨ ਲੱਗੇ | ਸਾਰੇ ਕਿਸਾਨਾਂ ਦਾ ਸਪੱਸ਼ਟ ਆਖਣਾ ਸੀ ਕਿ ਅਸੀਂ ਸਰਕਾਰ ਦੀ ਕੋਈ ਗੱਲ ਨਹੀਂ ਸੁਣਨੀ | ਪ੍ਰਸਾਸ਼ਕ ਅਧਿਕਾਰੀ ਠਰੰਮੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪਿੰਡ ਦੇ ਇਕੱਤਰ ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਆਪਣੇ ਪਿੰਡ ਤੋਂ ਆਪਣੀ ਜ਼ਮੀਨ ਐਕਵਾਇਰ ਕਰਵਾਵੇ ਅਤੇ ਫਿਰ ਆਪਣੇ 92 ਵਿਧਾਇਕਾਂ ਦੀਆਂ ਜ਼ਮੀਨਾਂ ਐਕਵਾਇਰ ਕਰਵਾਵੇ ਫਿਰ ਅਸੀਂ ਇਸ ਲੈਂਡ ਪੂਲਿੰਗ ਪਾਲਿਸੀ ਬਾਰੇ ਵਿਚਾਰ ਕਰਾਂਗੇ | ਇਸ ਮੌਕੇ ਦੀਦਾਰ ਸਿੰਘ ਮਲਕ ਨੇ ਕਿਹਾ ਕਿ ਲੈਂਡ ਪੂਿਲੰਗ ਨੀਤੀ ਤਹਿਤ ਕਿਸਾਨ ਇਕ ਮਰਲਾ ਵੀ ਸਰਕਾਰ ਨੂੰ ਨਹੀਂ ਦੇਣਗੇ | ਉਨ੍ਹਾਂ ਕਿਹਾ ਕਿ ਆਪਣੀਆਂ ਜ਼ਮੀਨਾਂ ਬਚਾਉਣ ਲਈ ਕਿਸਾਨ ਹਰ ਸੰਘਰਸ਼ ਲੜਨਗੇ ਅਤੇ ਇਸ ਨੀਤੀ ਨੂੰ ਵਾਪਿਸ ਕਰਵਾ ਕੇ ਹਟਣਗੇ | ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿਚ ਕੋਈ ਵੀ ਕਿਸਾਨ ਇਸ ਨੀਤੀ ਤਹਿਤ ਆਪਣੀ ਜ਼ਮੀਨ ਨਹੀਂ ਦੇਵੇਗਾ | ਇਸ ਸਬੰਧੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਅਤੇ ਰਾਜਸੀ ਪਾਰਟੀਆਂ ਇਕਮੱਤ ਹਨ |