ਹੰਬੜਾਂ, 20 ਜੁਲਾਈ (ਹਰਵਿੰਦਰ ਸਿੰਘ ਮੱਕੜ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਐੱਮ.ਪੀ. ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਗਠਨ ਇੰਚਾਰਜ ਕੈਪਟਨ ਸੰਦੀਪ ਸੰਧੂ ਤੇ ਹੋਰ ਹਾਈਕਮਾਂਡ ਵਲੋਂ ਸੀਨੀਅਰ ਕਾਂਗਰਸੀ ਆਗੂ ਡਾਇਰੈਕਟਰ ਮਨਜੀਤ ਸਿੰਘ ਹੰਬੜਾਂ ਨੂੰ ਜੋ ਬਾਘਾ ਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਹਲਕੇ ਲਈ ਸੰਗਠਨ ਅਬਜ਼ਰਵਰ ਨਿਯੁਕਤ ਕਰਕੇ ਬੜੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨਾਲ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਉਮੜਿਆ ਹੈ | ਇਸ ਤਰ੍ਹਾਂ ਕਾਂਗਰਸ ਪਾਰਟੀ ਨੇ ਹਮੇਸ਼ਾਂ ਦੀ ਤਰ੍ਹਾਂ ਪਾਰਟੀ ਦੇ ਮਿਹਨਤੀ ਤੇ ਕਾਬਲ ਵਰਕਰਾਂ ਤੇ ਆਗੂਆਂ ਨੂੰ ਮਾਣ-ਸਨਮਾਨ ਨਾਲ ਨਿਵਾਜਣ ਦਾ ਆਪਣਾ ਫ਼ਰਜ਼ ਬਾਖੂਬੀ ਨਿਭਾਇਆ ਹੈ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਪ੍ਰਧਾਨ ਗੁਰਮੀਤ ਸਿੰਘ ਪੁੜੈਣ ਨੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਤੇ ਡਾਇਰੈਕਟਰ ਹੰਬੜਾਂ ਨੂੰ ਮੁਬਾਰਕਬਾਦ ਦਿੰਦਿਆਂ ਹੰਬੜਾਂ ਵਿਖੇ ਕੀਤਾ ਤੇ ਕਿਹਾ ਕਿ ਡਾਇਰੈਕਟਰ ਹੰਬੜਾਂ ਵਲੋਂ ਮੁੱਢ ਤੋਂ ਪਾਰਟੀ ਵਿਚ ਇਮਾਨਦਾਰੀ ਨਾਲ ਨਿਭਾਏ ਸਾਕਾਰਤਮਕ ਰੋਲ ਸਦਕਾ ਕਾਂਗਰਸ ਹਾਈਕਮਾਂਡ ਨੇ ਆਪਣੀ ਪਾਰਖੂ ਅੱਖ ਨਾਲ ਵਧੀਆ ਫ਼ੈਸਲਾ ਲਿਆ ਹੈ ਜੋ ਪਾਰਟੀ ਨੂੰ ਹੋਰ ਮਜ਼ਬੂਤੀ ਵੱਲ ਲਿਜਾਵੇਗਾ ਤੇ ਅਜਿਹੇ ਫ਼ੈਸਲੇ ਸੂਬੇ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਹੁਮਤ ਨਾਲ ਬਣਾਉਣ ਲਈ ਕਾਰਗਰ ਸਿੱਧ ਹੋਣਗੇ | ਇਸ ਮੌਕੇ ਮਨਜੀਤ ਸਿੰਘ ਬੋਪਾਰਾਏ, ਕੇਹਰ ਸਿੰਘ ਬਾਣੀਏਵਾਲ, ਨੂਰਾਂ ਭਰੋਵਾਲ ਖੁਰਦ, ਸਾਬਕਾ ਸਰਪੰਚ ਸੁਖਮਿੰਦਰ ਸਿੰਘ ਟੋਨੀ, ਸਾਬਕਾ ਸਰਪੰਚ ਬਲਵੰਤ ਸਿੰਘ ਰਾਣਕੇ, ਯੋਧਾ ਕੋਟਲੀ ਨੇ ਵੀ ਡਾਇ: ਹੰਬੜਾਂ ਨੂੰ ਵਧਾਈ ਦਿੱਤੀ |