ਰਾਏਕੋਟ, 20 ਜੁਲਾਈ (ਸੁਸ਼ੀਲ)-ਪਿੰਡ ਆਂਡਲੂ ਦੀ ਗ੍ਰਾਮ ਪੰਚਾਇਤ ਵਲੋਂ ਪਿੰਡ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕਰਦੇ ਹੋਏ ਪਿੰਡ ਵਿਚਲੀਆਂ ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ, ਇਸ ਸਬੰਧ 'ਚ ਪੰਚਾਇਤ ਵਲੋਂ ਤਿਆਰ ਕਰਵਾਈ ਗਈ ਕਰੀਬ ਤਿੰਨ ਸੌ ਮੀਟਰ ਲੰਬੀ ਗਲੀ ਦਾ ਉਦਘਾਟਨ ਅੱਜ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਵਲੋਂ ਪੰਚਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਮੌਜੂਦਗੀ ਵਿਚ ਕੀਤਾ ਗਿਆ | ਉਦਘਾਟਨ ਕਰਨ ਉਪਰੰਤ ਗੱਲਬਾਤ ਕਰਦਿਆਂ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਪ੍ਰਮੁੱਖ ਗਲੀ ਜੋ ਕਿ ਪਿਛਲੇ 35 ਸਾਲ ਤੋਂ ਨਹੀਂ ਬਣੀ ਸੀ, ਜਿਸ ਕਰਕੇ ਇਲਾਕਾ ਨਿਵਾਸੀਆਂ ਨੂੰ ਪੇਸ਼ ਆ ਰਹੀ ਸਮੱਸਿਆ ਨੰ ਦੇਖਦੇ ਹੋਏ ਕਰੀਬ 6-7 ਲੱਖ ਰੁਪਏ ਦੀ ਲਾਗਤ ਨਾਲ ਗਲੀ ਵਿਚ ਇੰਟਰਲਾਕਿੰਗ ਟਾਈਲਾਂ ਲਗਵਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਪੂਰੇ ਪਿੰਡ ਵਾਸੀਆਂ ਦਾ ਗ੍ਰਾਮ ਪੰਚਾਇਤ ਨੰ ਭਰਪੂਰ ਸਹਿਯੋਗ ਮਿਲਿਆ ਹੈ | ਉਨ੍ਹਾਂ ਕਿਹਾ ਕਿ ਪਿੰਡ ਵਿਚ ਵਿਕਾਸ ਕੰਮ ਇਸੇ ਤਰ੍ਹਾਂ ਲਗਾਤਾਰ ਜਾਰੀ ਰਹਿਣਗੇ | ਇਸ ਮੌਕੇ ਪੰਚ ਲਛਮਣ ਸਿੰਘ, ਪੰਚ ਜਸਵੰਤ ਸਿੰਘ, ਪੰਚ ਕਸ਼ਮੀਰੀ ਲਾਲ, ਪੰਚ ਕਿਰਨਦੀਪ ਕੌਰ ਗਰੇਵਾਲ, ਪੰਚ ਰਜ਼ੀਨਾ, ਪੰਚ ਕਮਲਪ੍ਰੀਤ ਕੌਰ, ਪੰਚ ਕਿਰਨਦੀਪ ਕੌਰ, ਪ੍ਰਧਾਨ ਜਗਰਾਜ ਸਿੰਘ, ਗੁਰਦੀਪ ਸਿੰਘ ਗਰੇਵਾਲ, ਦਰਸ਼ਨ ਸਿੰਘ ਜਵੱਦੀ, ਮਨਦੀਪ ਸਿੰਘ, ਸੁਰਿੰਦਰ ਵਰਮਾਂ, ਤਰਸੇਮ ਸਿੰਘ, ਸ਼ਾਦੀ ਖਾਂ ਸਮੇਤ ਹੋਰ ਕਈ ਪਤਵੰਤੇ ਸੱਜਣ ਮੌਜੂਦ ਸਨ |