ਪੱਖੋਵਾਲ ਸਰਾਭਾ, 19 ਜੁਲਾਈ (ਖੁਸ਼ਵਿੰਦਰ ਸਿੰਘ ਸਰਾਭਾ)-ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਲੁਧਿਆਣਾ ਡਾ: ਹਰਦੀਪ ਸਿੰਘ ਦੀ ਅਗਵਾਈ ਹੇਠ ਸੂਬੇ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਰਹਿਤ ਤੇ ਖੁਸ਼ਹਾਲ ਬਣਾਉਣ ਦੇ ਉਦੇਸ਼ ਨਾਲ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ 'ਚ ਡਾ: ਗੁਰਪ੍ਰੀਤ ਕੌਰ ਬਾਗਬਾਨੀ ਵਿਕਾਸ ਅਫ਼ਸਰ ਵਲੋਂ ਟਰੀ ਪਲਾਂਟੇਸ਼ਨ ਡਰਾਇਵ ਤਹਿਤ 150 ਕਿਸਾਨਾਂ, ਨਗਰ ਨਿਵਾਸੀਆ ਤੇ ਸਕੂਲੀ ਵਿਦਿਆਰਥੀਆਂ ਤੇ ਰਾਹਗੀਰਾਂ ਨੂੰ ਫ਼ਲਦਾਰ ਤੇ ਛਾਂਦਾਰ ਬੂਟੇ ਵੰਡੇ ਗਏ | ਸਰਪੰਚ ਕਮਲਜੀਤ ਕੌਰ ਅਤੇ ਸਮੁੱਚੀ ਗ੍ਰਾਮ ਪੰਚਾਇਤ ਸਰਾਭਾ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ 'ਚ ਇਕੱਤਰ ਕਿਸਾਨਾਂ ਤੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਡਾ: ਗੁਰਪ੍ਰੀਤ ਕੌਰ ਨੇ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਮੱਹਤਵਪੂਰਨ ਹਿੱਸਾ ਹਨ ਇਹ ਜਿੱਥੇ ਸਾਨੂੰ ਠੰਡੀ ਛਾਂ ਤੇ ਸਾਹ ਲੈਣ ਲਈ ਆਕਸੀਜਨ ਪ੍ਰਦਾਨ ਕਰਦੇ ਹਨ ਉੱਥੇ ਹੀ ਕਈ ਤਰ੍ਹਾਂ ਦੇ ਕੀਮਤੀ ਫ਼ਲ, ਫੁੱਲ ਤੇ ਲੱਕੜ ਆਦਿ ਦੇਣ ਦੇ ਨਾਲ ਨਾਲ ਵਾਤਾਵਰਣ ਦਾ ਸੰਤੁਲਨ ਵੀ ਕਾਇਮ ਰੱਖਦੇ ਹਨ | ਇਸ ਮੌਕੇ ਸਰਪੰਚ ਕਮਲਜੀਤ ਕੌਰ, ਕਰਨਲ ਮਨਦੀਪ ਸਿੰਘ ਨੇ ਪੰਚਾਇਤ ਘਰ 'ਚ ਤਿ੍ਵੈਣੀ ਦਾ ਬੂਟਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਅਵਤਾਰ ਸਿੰਘ, ਪੰਚ ਪ੍ਰਦੀਪ ਸਿੰਘ, ਪੰਚ ਜਸਵੀਰ ਕੌਰ, ਪੰਚ ਜਸਵਿੰਦਰ ਕੌਰ, ਰਵਿੰਦਰ ਸਿੰਘ ਪੀ.ਟੀ. ਆਦਿ ਹਾਜ਼ਰ ਸਨ |