ਮੁੱਲਾਂਪੁਰ-ਦਾਖਾ, 18 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਨਵੀਂਆਂ ਅਰਬਨ ਅਸਟੇਟਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅੱਜ 19 ਜੁਲਾਈ ਨੂੰ ਬਾਬਾ ਨੱਥੂ ਜੀ ਸ਼ਹੀਦ ਗੁਰਦੁਆਰਾ ਸਾਹਿਬ ਨੇੜੇ ਪਿੰਡ ਦਾਖਾ ਵਿਖੇ ਹੋ ਰਹੀ ਸੂਬਾ ਪੱਧਰੀ ਇਕੱਤਰਤਾ ਨੂੰ ਲਾਮਿਸਾਲ ਬਣਾਉਣ ਲਈ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕੁਲਾਹੜ, ਯੁਵਰਾਜ ਸਿੰਘ ਘੁਡਾਣੀ, ਹੋਰ ਆਗੂਆਂ ਵਲੋਂ ਪਿੰਡ-ਪਿੰਡ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ | ਪਿੰਡ ਗਹੌਰ ਵਿਖੇ ਕਿਸਾਨਾਂ ਨਾਲ ਮੀਟਿੰਗ ਉਪਰੰਤ ਬੀ.ਕੇ.ਯੂ (ਉਗਰਾਹਾਂ) ਆਗੂ ਮਨੋਹਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨਵੀਆਂ ਅਰਬਨ ਅਸਟੇਟਾਂ ਦੀ ਆੜ੍ਹ 'ਚ ਵੱਡੇ ਪ੍ਰਾਜੈਕਟਾਂ ਤਹਿਤ ਕਿਸਾਨਾਂ ਦਾ ਉਜਾੜਾ ਕਰਕੇ ਲੁਧਿਆਣਾ ਦੀ ਜਰਖ਼ੇਜ਼ ਉਪਜਾਊ ਜ਼ਮੀਨ ਕਾਰਪੋਰੇਟਾਂ ਦੇ ਹੱਥਾਂ 'ਚ ਦੇਣਾ ਚਾਹੁੰਦੀ ਹੈ, ਪ੍ਰੰਤੂ ਅਜਿਹਾ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਵਾਹੀਯੋਗ ਜ਼ਮੀਨਾਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ, ਜਥੇਬੰਦੀ ਵਲੋਂ ਲੈਂਡ ਪੂਲਿੰਗ ਨੀਤੀ ਵਾਲੇ ਨੋਟੀਫਿਕੇਸ਼ਨ ਦੀ ਵਾਪਿਸੀ ਤੱਕ ਸੰਘਰਸ਼ ਜਾਰੀ ਰਹੇਗਾ | ਬੀ.ਕੇ.ਯੂ ਉਗਰਾਹਾਂ ਬਲਾਕ ਪ੍ਰਧਾਨ ਜਸਵੰਤ ਸਿੰਘ ਭੱਟੀਆਂ, ਅਮਰੀਕ ਸਿੰਘ ਭੂੰਦੜੀ, ਰਾਮਸ਼ਰਨ ਸਿੰਘ ਰਸੂਲਪੁਰ, ਅਜੀਤ ਸਿੰਘ ਦਾਖਾ, ਤੀਰਥ ਸਿੰਘ ਤਲਵੰਡੀ, ਮਲਕੀਤ ਸਿੰਘ ਈਸੇਵਾਲ ਹੋਰਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸ਼ਨਿੱਚਰਵਾਰ ਦਾਖਾ ਵਿਖੇ ਹੋਣ ਵਾਲੀ ਇਕੱਤਰਤਾ ਵਿਚ ਸ਼ਮੂਲੀਅਤ ਯਕੀਨੀ ਬਣਾਈ ਜਾਵੇ |