08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਨਗਰ ਕੌਂਸਲ ਜਗਰਾਉਂ ਵਿਖੇ ਨਗਰ ਸੁਧਾਰ ਸਭਾ ਵਲੋਂ ਸ਼ਹਿਰ ਦੀਆਂ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ

ਅਜੀਤ ਡੈਸਕ 17-07-2025

  ਜਗਰਾਉਂ, 16 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਸ਼ਹਿਰ ਅੰਦਰ ਕੂੜੇ ਦੀ ਸੰਭਾਲ ਅਤੇ ਹੋਰ ਮੰਗਾਂ ਨੂੰ ਲੈ ਕੇ ਨਗਰ ਸੁਧਾਰ ਸਭਾ ਜਗਰਾਉਂ ਵਲੋਂ ਸ਼ਹਿਰ ਨਿਵਾਸੀਆਂ ਨੂੰ ਨਾਲ ਲੈ ਕੇ ਨਗਰ ਕੌਂਸਲ ਜਗਰਾਉਂ ਮੂਹਰੇ ਧਰਨਾ ਦਿੱਤਾ | ਇਸ ਦੌਰਾਨ ਸ਼ਹਿਰ ਦੀਆਂ ਤਕਰੀਬਨ ਡੇਢ ਦਰਜਨ ਮੰਗਾਂ ਦਾ ਇਕ ਲਿਖਤੀ ਮੰਗ ਪੱਤਰ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਕਾਰਜ ਸਾਧਕ ਅਧਿਕਾਰੀ ਨੂੰ ਦਿੱਤਾ | ਇਸ ਤੋਂ ਇਲਾਵਾ ਇਹ ਮੰਗ ਪੱਤਰ ਐੱਸ.ਡੀ.ਐੱਮ. ਜਗਰਾਉਂ, ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ (ਦਿਹਾਤੀ), ਲੋਕਲ ਬਾਡੀ ਮੰਤਰੀ ਪੰਜਾਬ ਸਰਕਾਰ ਚੰਡੀਗੜ੍ਹ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਚੰਡੀਗੜ੍ਹ ਨੂੰ ਵੀ ਭੇਜਿਆ ਗਿਆ | ਧਰਨਕਾਰੀਆਂ ਨੇ ਨਗਰ ਕੌਂਸਲ ਨੂੰ ਚਿਤਾਵਨੀ ਦਿੱਤੀ ਕਿ ਜੇਕਰ 15 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੌਰ ਨਾ ਕੀਤਾ ਗਿਆ ਤਾਂ ਉਹ ਅਗਲਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ, ਜਿਸ ਦਾ ਜ਼ਿੰਮੇਵਾਰ ਨਗਰ ਕੌਂਸਲ ਪ੍ਰਸ਼ਾਸਨ ਹੋਵੇਗਾ | ਧਰਨੇ ਵਿਚ ਨਗਰ ਕੌਂਸਲ ਦੇ ਕੌਂਸਲਰ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਬੈਠੇ ਸਨ | ਇਸ ਧਰਨੇ ਦੌਰਾਨ ਉਸ ਸਮੇਂ ਮਾਹੌਲ ਤਲਖ਼ੀ ਭਰਿਆ ਬਣ ਗਿਆ ਜਦ ਧਰਨਾਕਾਰੀਆਂ ਨੇ ਧਰਨੇ ਵਿਚ ਬੈਠੇ ਰਾਜਨੀਤਿਕ ਆਗੂਆਂ ਨੂੰ ਸਟੇਜ਼ 'ਤੇ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉੱਥੇ ਮੌਜੂਦ ਪ੍ਰਧਾਨ ਧੜੇ ਦੇ ਕੌਂਸਲਰਾਂ ਦਵਿੰਦਰਜੀਤ ਸਿੰਘ ਸਿੱਧੂ ਤੇ ਜਰਨੈਲ ਸਿੰਘ ਤੇ 'ਆਪ' ਆਗੂ ਗੋਪੀ ਸ਼ਰਮਾ ਨਾਰਾਜ਼ ਹੋ ਕੇ ਚਲੇ ਗਏ | ਇਸ ਧਰਨੇ ਵਿਚ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਵੀ ਸ਼ਾਮਿਲ ਹੋਏ ਅਤੇ ਉਨ੍ਹਾਂ ਕਿਹਾ ਕਿ ਉਹ ਇਕ ਆਮ ਸ਼ਹਿਰੀ ਵਜੋਂ ਧਰਨੇ 'ਚ ਸ਼ਾਮਿਲ ਹੋਏ ਹਨ | ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਇਸ ਧਰਨੇ ਵਿਚ ਰਾਜਨੀਤਿਕ ਆਗੂਆਂ ਨੂੰ ਰਾਜਸੀ ਰੋਟੀਆਂ ਨਹੀਂ ਸੇਕਣ ਦਿੱਤੀਆਂ ਜਾਣਗੀਆਂ | ਉਨ੍ਹਾਂ ਆਖਿਆ ਕਿ ਜੇਕਰ ਇਹ ਲੋਕ ਸ਼ਹਿਰ ਨਿਵਾਸੀਆਂ ਪ੍ਰਤੀ ਸੁਹਿਰਦ ਸਨ ਤਾਂ ਉਹ ਪਿਛਲੇ ਚਾਰ ਸਾਲ ਤੋਂ ਕੁੰਭਕਰਨੀ ਨੀਂਦ ਤੋਂ ਕਿਉਂ ਨਹੀਂ ਜਾਗੇ | ਨਗਰ ਸੁਧਾਰ ਸਭਾ ਦੇ ਪ੍ਰਧਾਨ ਮਾ: ਅਵਤਾਰ ਸਿੰਘ ਅਤੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਨਗਰ ਕੌਂਸਲਰਾਂ ਵਿਚ ਪਾਈ ਜਾਂਦੀ ਧੜੇ੍ਹਬਾਜ਼ੀ ਦਾ ਸ਼ਿਕਾਰ ਜਗਰਾਉਂ ਸ਼ਹਿਰ ਦੇ ਲੋਕ ਹੋਏ ਹਨ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਜਗਰਾਉਂ ਕੋਲ ਕਰੋੜਾਂ ਦੀਆਂ ਗ੍ਰਾਂਟਾਂ ਹੋਣ ਦੇ ਬਾਵਜੂਦ ਸ਼ਹਿਰ ਅੰਦਰ ਇਕ ਧੇਲੇ ਦਾ ਵਿਕਾਸ ਨਹੀਂ ਹੋ ਰਿਹਾ ਹੈ | ਕੂੜੇ ਦੇ ਨਿਪਟਾਰੇ ਲਈ ਕੋਈ ਠੋਸ ਥਾਂ ਨਾ ਹੋਣ ਕਾਰਨ ਸ਼ਹਿਰ ਦੇ ਚਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ | ਸ਼ਹਿਰ ਦੀਆਂ ਮੁੱਖ ਸੜਕਾਂ ਇਸ ਕਦਰ ਟੁੱਟੀਆਂ ਹੋਈਆਂ ਹਨ ਕਿ ਉਹ ਆਪਣੀ ਹੋਂਦ ਹੀ ਗੁਆ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਬਾਜ਼ਾਰਾਂ ਵਿਖੇ ਦੁਕਾਨਾਂ ਮੂਹਰੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਸਾਰਾ ਦਿਨ ਸ਼ਹਿਰ ਅੰਦਰ ਆਵਾਜਾਈ ਦਾ ਬੁਰਾ ਹਾਲ ਅਤੇ ਲੰਬੇ ਸਮੇਂ ਦੇ ਜਾਮ ਲੱਗਦੇ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਲਾਵਾਰਿਸ ਅਵਾਰਾ ਪਸ਼ੂਆਂ ਦਾ ਭਰਮਾਰ ਹੋਣ ਕਾਰਨ ਆਏ ਦਿਨ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ | ਇਸ ਤੋਂ ਇਲਾਵਾ ਉਨ੍ਹਾਂ ਬਰਸਾਤੀ ਪਾਣੀ ਦੇ ਨਿਕਾਸੀ ਦੇ ਪੁਖਤਾ ਪ੍ਰਬੰਧ, ਟੁੱਟੀਆਂ ਹੋਈਆਂ ਸੜਕਾਂ ਦੀ ਮੁਰੰਮਤ, ਸਫ਼ਾਈ ਲਈ ਸਫ਼ਾਈ ਸੇਵਕਾਂ ਦੀ ਹੋਰ ਭਰਤੀ ਕਰਨ, ਜਨਤਕ ਥਾਂਵਾਂ 'ਤੇ ਬਾਥਰੂਮ ਬਣਾਉਣ, ਸ਼ਹੀਦ ਭਗਤ ਸਿੰਘ ਕਮਿਊਨਟੀ ਸੈਂਟਰ ਦੀ ਮੁਰੰਮਤ ਕਰਵਾ ਕੇ ਜਨਤਾ ਲਈ ਖੋਲ੍ਹਣ, ਲਾਲਾ ਲਾਜਪਤ ਰਾਏ ਲਾਇਬ੍ਰੇਰੀ ਦਾ ਆਧੁਨਕੀਕਰਨ ਕਰਨ, ਡਿਸਪੋਜਲ ਰੋਡ 'ਤੇ ਬਣੇ ਨਾਲ ਦੇ ਟੁੱਟ ਚੁਕੇ ਢੱਕਣਾ ਨੂੰ ਲਗਵਾਉਣ ਆਦਿ ਮੰਗ ਕੀਤੀ ਗਈ | ਇਸ ਤੋਂ ਇਲਾਵਾ ਇਸ ਧਰਨੇ ਨੂੰ ਇਕ ਦਰਜਨ ਤੋਂ ਵੱਧ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ |
• ਨਗਰ ਸੁਧਾਰ ਸਭਾ ਦੀ ਤਾੜਨਾ! ਕੂੜੇ ਦਾ ਹੱਲ ਨਾ ਹੋਇਆ ਤਾਂ ਨਗਰ ਕੌਂਸਲ ਦਫ਼ਤਰ ਨੂੰ ਲੱਗੇਗਾ ਤਾਲਾ-ਜਗਰਾਉਂ, 16 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਨਗਰ ਕੌਂਸਲ ਖ਼ਿਲਾਫ਼ ਨਗਰ ਸੁਧਾਰ ਸਭਾ ਵਲੋਂ ਲਾਏ ਰੋਸ ਧਰਨੇ ਵਿਚ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਆਪਣਾਂ ਰੋਸ ਜ਼ਹਿਰ ਕਰਕੇ ਦੁੱਖੜਾ ਰੋਇਆ | ਲੋਕਾਂ ਵਿਚ ਗੁੱਸੇ ਦਾ ਉਬਾਲ ਦੇਖਣ ਵਾਲਾ ਸੀ | ਧਰਨਾਕਾਰੀ ਨਗਰ ਕੌਂਸਲ ਮੁਰਦਾਬਾਦ ਦੇ ਨਾਅਰਿਆਂ ਨਾਲ ਨਗਰ ਕੌਂਸਲ ਦਫ਼ਤਰ ਪ੍ਰਵੇਸ਼ ਹੋਏ ਤੇ ਨਗਰ ਕੌਂਸਲ ਪ੍ਰਧਾਨ ਤੇ ਹਲਕਾ ਵਿਧਾਇਕਾ ਖ਼ਿਲਾਫ਼ ਜੰਮ ਕੇ ਭੜਾਸ ਕੱਢੀ | ਇਸ ਮੌਕੇ ਮੌਕੇ ਧਰਨਾਕਾਰੀਆਂ ਨੇ ਨਗਰ ਕੌਂਸਲ ਦੇ ਈ.ਓ ਸੁਖਦੇਵ ਸਿੰਘ ਰੰਧਾਵਾ ਨੂੰ 17 ਮੰਗਾਂ ਵਾਲਾ ਮੰਗ ਪੱਤਰ ਸੌਂਪਿਆ ਤੇ 15 ਦਿਨਾਂ ਦਾ ਅਲਟੀਮੇਟਮ ਦੇ ਕੇ ਸ਼ਹਿਰ ਅੰਦਰ ਕੂੜੇ ਦੇ ਰੂਪ 'ਚ ਫੈਲੀ ਗੰਦਗੀ ਚੁਕਵਾਉਣ ਲਈ ਉਚਿਤ ਪ੍ਰਬੰਧ ਕਰਨ ਦੀ ਮੰਗ ਕੀਤੀ | ਇਸ ਮੌਕੇ ਨਗਰ ਸੁਧਾਰ ਸਭਾ ਦੇ ਆਗੂ ਕੰਵਲਜੀਤ ਖੰਨਾ ਨੇ ਕਾਰਜ ਸਾਧਕ ਅਫ਼ਸਰ ਨੂੰ ਮੰਗ ਪੱਤਰ ਸੌਂਪਦਿਆਂ 15 ਦਿਨ ਦੇ ਤਹਿ ਸਮੇਂ ਤੱਕ ਸਮੱਸਿਆ ਦਾ ਹੱਲ ਨਾ ਕੱਢਣ 'ਤੇ ਲੋਕ ਵਿਰੋਧ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ | ਇਹੀ ਨਹੀਂ ਸ੍ਰੀ ਖੰਨਾ ਨੇ ਮਸਲਾ ਹੱਲ ਨਾ ਹੋਣ ਦੀ ਸੂਰਤ 'ਚ ਨਗਰ ਕੌਂਸਲ ਨੂੰ ਤਾਲਾ ਲਾਉਣ ਤੱਕ ਦੀ ਗੱਲ ਆਖ ਦਿੱਤੀ ਤੇ ਇਸ ਸਮੇਂ ਨਗਰ ਸੁਧਾਰ ਸਭਾ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਸ਼ਹਿਰ ਦੇ ਵਿਕਾਸ ਦੇ ਕੰਮ ਨਾ ਹੋਣ ਕਰਕੇ ਭਰੇ ਪੀਤੇ ਪਏ ਹਨ | ਸ੍ਰੀ ਖੰਨਾ ਨੇ ਕਿਹਾ ਕਿ ਦਫ਼ਤਰ 'ਚ ਬੈਠਕੇ ਏ.ਸੀ. ਦੀ ਹਵਾ ਫੱਕਣ ਵਾਲੇ ਦਫ਼ਤਰੀ ਅਮਲੇ ਨੂੰ ਦਫ਼ਤਰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ |

ਪਿਛਲੀ ਖ਼ਬਰ 1 ਕਰੋੜ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਨਗਰ ਕੌਂਸਲ ਨੇ ਧਰਨੇ ਤੋਂ ਪਹਿਲਾਂ ਰਾਤੋ-ਰਾਤ ਕੂੜੇ ਦੇ ਡੰਪ ਚੁੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।