ਮੁੱਲਾਂਪੁਰ-ਦਾਖਾ, 16 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੇ ਘਿਨਾਉਣੇ ਜ਼ੁਰਮਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਇਜ਼ਲਾਸ ਬੁਲਾ ਕੇ ਬੇਅਦਬੀ ਖ਼ਿਲਾਫ਼ ਸਦਨ ਵਿਚ ਪਾਸ ਬਿੱਲ ਸ਼ਲਾਘਾਯੋਗ ਹੈ, ਮੋਬਾਇਲ ਫ਼ੋਨ ਰਾਹੀਂ ਯੂ-ਟਿਊਬ ਜਾਂ ਹੋਰ ਸ਼ੋਸ਼ਲ ਮੀਡੀਆ 'ਤੇ ਅੰਮਿ੍ਤ ਵੇਲੇ ਪੰਜ ਬਾਣੀਆਂ ਦੇ ਪਾਠ, ਸ਼ਾਮ ਨੂੰ ਰਹਿਰਾਸ ਅਤੇ ਸਾਡੇ ਗੁਰਧਾਮਾਂ ਤੋਂ ਪ੍ਰਸਾਰਨ ਕਥਾ-ਕੀਰਤਨ ਸਰਵਣ ਕਰਨ ਸਮੇਂ ਵਿਚਕਾਰ ਹੀ ਅਸ਼ਲੀਲ ਗਾਣੇ, ਹੋਰ ਵਪਾਰਕ ਮਸ਼ਹੂਰੀਆਂ ਵੀ ਬੰਦ ਹੋਣੀਆਂ ਚਾਹੀਦੀਆਂ, ਕਿਉਂਕਿ ਇਹ ਗੁਰਬਾਣੀ ਸਰਵਣ ਕਰ ਰਹੀ ਸੰਗਤ ਦੀ ਇਕਾਗਰਤਾ ਨੂੰ ਭੰਗ ਕਰਨ ਵਾਲੇ ਹਨ, ਇਹ ਪ੍ਰਤੀਕਿਰਿਆ ਲੇਖਕ, ਸਮਾਜ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਜਿਗਰੇ ਨਾਲ ਆਵਾਜ਼ ਬੁਲੰਦ ਕਰਨ ਵਾਲੇ ਸਟੇਟ ਐਵਾਰਡੀ ਸਫ਼ਲ ਅਧਿਆਪਕ ਅਮਰੀਕ ਸਿੰਘ ਤਲਵੰਡੀ ਵਲੋਂ ਕੀਤੀ ਗਈ | ਤਲਵੰਡੀ ਨੇ ਕਿਹਾ ਕਿ ਮਨੁੱਖਤਾ ਨੂੰ ਜੀਵਨ ਜਾਚ ਸਿਖਾਉਣ ਵਾਲੇ ਸਾਡੇ ਪਵਿੱਤਰ ਗ੍ਰੰਥਾਂ ਦੀ ਗੁਰਬਾਣੀ ਸਰਵਣ ਕਰਦਿਆਂ ਵਿਚਕਾਰ ਹੀ ਗਾਣੇ ਚੱਲਦੇ ਰਹਿਣ ਜਾਂ ਅੰਡਰ ਗਾਰਮੈਂਟਸ, ਕੱਪੜਿਆਂ ਦੀ ਮਸ਼ਹੂਰੀ, ਪਾਨ-ਗੁਟਕਾ, ਸਿਗਰਟ-ਸ਼ਰਾਬ ਮਸ਼ਹੂਰੀ, ਤਾਂ ਮਨ ਖਰਾਬ ਹੁੰਦਾ ਹੈ ਕਿ ਚੰਦ ਦਮੜਿਆਂ ਦੀ ਖ਼ਾਤਰ ਸਾਨੂੰ ਅੰਮਿ੍ਤ ਵੇਲੇ ਕੀ ਪਰੋਸ ਕੇ ਦਿੱਤਾ ਜਾਣ ਲੱਗ ਪਿਆ | ਅਮਰੀਕ ਸਿੰਘ ਤਲਵੰਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਅਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੂੰ ਸਨਿਮਰ ਅਪੀਲ ਕੀਤੀ ਕਿ ਕਾਨੂੰਨੀ ਪ੍ਰਕਿਰਿਆ ਦਾ ਸਹਾਰਾ ਲੈ ਕੇ ਅਜਿਹਾ ਰੋਕਿਆ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਯੂ-ਟਿਊਬ ਜਾਂ ਹੋਰ ਸ਼ੋਸ਼ਲ ਮੀਡੀਆ ਗੁਰਬਾਣੀ ਨਾਲ ਇਸ਼ਤਿਹਾਰਬਾਜ਼ੀ ਰਲਗੱਡ ਬਿਨਾਂ ਨਹੀਂ ਰਹਿ ਸਕਦਾ ਤਾਂ ਉਸ ਨੂੰ ਸ਼੍ਰੋਮਣੀ ਕਮੇਟੀ ਕਾਨੂੰਨ ਜ਼ਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦਾ ਪ੍ਰਸਾਰਨ ਕਰਨ ਤੋਂ ਰੋਕ ਸਕਦੀ ਹੈ | ਅਮਰੀਕ ਸਿੰਘ ਤਲਵੰਡੀ ਵਲੋਂ ਪੇਸ਼ ਸੱਚਾਈ ਦੀ ਗ੍ਰੰਥੀ ਸਿੰਘਾਂ, ਰਾਗੀ-ਢਾਡੀ, ਕਥਾਵਾਚਕਾਂ ਨੇ ਪ੍ਰੋੜਤਾ ਕਰਦਿਆਂ ਕਿਹਾ ਕਿ ਇਹ ਹੈ ਸੱਚ, ਹੋਣਾ ਨਹੀਂ ਚਾਹੀਦਾ, ਸਰਕਾਰ ਜਾਂ ਸ਼੍ਰੋਮਣੀ ਕਮੇਟੀ ਅਜਿਹਾ ਰੋਕਣ ਲਈ ਕੋਈ ਸਖ਼ਤ ਫ਼ੈਸਲਾ ਲਵੇ |