ਟੈਕਸੀ ਚਾਲਕਾਂ ਨੇ ਐੱਮ.ਪੀ. ਡਾ. ਅਮਰ ਸਿੰਘ ਨੂੂੰ ਸੌਂਪਿਆ ਮੰਗ ਪੱਤਰ
ਅਜੀਤ ਡੈਸਕ
17-07-2025
ਰਾਏਕੋਟ, 16 ਜੁਲਾਈ (ਸੁਸ਼ੀਲ)-ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਸੂਬਿਆਂ ਦੀਆਂ ਸਰਕਾਰਾਂ ਵਲੋਂ ਟੈਕਸ ਦੇ ਨਾਂਅ 'ਤੇ ਪੰਜਾਬ ਦੇ ਟੈਕਸੀ ਚਾਲਕਾਂ ਦੀ ਕੀਤੀ ਜਾ ਰਹੀ ਨਾਜਾਇਜ਼ ਆਰਥਿਕ ਲੁੱਟ ਖ਼ਿਲਾਫ਼ ਅਜ਼ਾਦ ਟੈਕਸੀ ਯੂਨੀਅਨ (ਪੰਜਾਬ) ਰਾਏਕੋਟ ਵਲੋਂ ਤਹਿਸੀਲ ਪ੍ਰਧਾਨ ਹਰਵਿੰਦਰ ਸਿੰਘ ਬਿੱਟੂ (ਸਾਬਕਾ ਕੌਂਸਲਰ) ਦੀ ਅਗਵਾਈ ਵਿਚ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ ਇਸ ਆਰਥਿਕ ਲੁੱਟ ਨੂੰ ਰੋਕਣ ਲਈ ਇਸ ਮੁੱਦੇ ਸਬੰਧੀ ਲੋਕ ਸਭਾ ਵਿਚ ਅਵਾਜ਼ ਉਠਾਉਣ ਦੀ ਮੰਗ ਕੀਤੀ ਗਈ | ਇਸ ਮੌਕੇ ਪ੍ਰਧਾਨ ਹਰਵਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਆਲ ਇੰਡੀਆ ਟੈਕਸ ਭਰਨ ਦੇ ਬਾਵਜੂਦ ਜਦੋਂ ਉਨ੍ਹਾਂ ਦੀਆਂ ਗੱਡੀਆਂ (ਟੈਕਸੀਆਂ) ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਸੂਬੇ ਵਿਚ ਜਾਂਦੀਆਂ ਹਨ ਤਾਂ ਇਨ੍ਹਾਂ ਸੂਬਿਆਂ ਵਲੋਂ ਅਲੱਗ ਤੋਂ ਟਰਾਂਸਪੋਰਟ ਟੈਕਸ ਕੱਟਿਆ ਜਾਂਦਾ ਹੈ ਅਤੇ ਇਸ ਟੈਕਸ ਦੀ ਇਕ ਗੈਰ-ਕਾਨੂੰਨੀ ਹੱਥ ਲਿਖਤ ਪਰਚੀ ਕੱਟ ਕੇ ਦਿੱਤੀ ਜਾਂਦੀ ਹੈ, ਜਿਸ ਦਾ ਕੋਈ ਵੀ ਆਨਲਾਇਨ ਡਾਟਾ ਦਰਜ ਨਹੀਂ ਕੀਤਾ ਜਾਂਦਾ, ਬਲਕਿ ਇਨ੍ਹਾਂ ਸੂਬਿਆਂ ਵਲੋਂ ਹੋਰਨਾਂ ਰਾਜਾਂ ਦੇ ਟੈਕਸੀ ਚਾਲਕਾਂ ਨਾਲ ਸ਼ਰੇ੍ਹਆਮ ਧੱਕੇਸ਼ਾਹੀ ਕੀਤੀ ਜਾਦੀ ਹੈ, ਉਥੇ ਹੀ ਪੰਜਾਬ ਤੇ ਹੋਰਨਾਂ ਸੂਬਿਆਂ ਵਾਂਗ ਹਿਮਾਚਲ ਪ੍ਰਦੇਸ਼ ਅਤੇ ਜੰਮੂ, ਕਸ਼ਮੀਰ ਦੀਆਂ ਟੈਕਸੀਆਂ ਆਲ ਇੰਡੀਆ ਟੈਕਸ ਜਮ੍ਹਾਂ ਕਰਵਾਉਣ ਵਾਲੀਆਂ ਗੱਡੀਆਂ ਹੋਰਨਾਂ ਸੂਬਿਆਂ ਵਿਚ ਦਾਖ਼ਲ ਹੁੰਦੀਆਂ ਹਨ ਤਾਂ ਉਨ੍ਹਾਂ ਸੂਬਿਆਂ ਵਲੋਂ ਇੰਨ੍ਹਾਂ ਦੀਆਂ ਗੱਡੀਆਂ ਤੋਂ ਕੋਈ ਵੀ ਵੱਖਰਾ ਟੈਕਸ ਨਹੀਂ ਵਸੂਲਿਆਂ ਜਾਂਦਾ, ਪ੍ਰੰਤੂ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਸੂਬੇ ਟੈਕਸੀ ਚਾਲਕਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ | ਇਸ ਮੌਕੇ ਤਹਿਸੀਲ ਪ੍ਰਧਾਨ ਬਿੱਟੂ ਨੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੂੰ ਅਪੀਲ ਕੀਤੀ ਕਿ ਟੈਕਸੀ ਚਾਲਕਾਂ ਦੀ ਹੋ ਰਹੀ ਇਸ ਨਾਜਾਇਜ਼ ਲੁੱਟ ਦਾ ਮੁੱਦਾ ਕੇਂਦਰ ਸਰਕਾਰ ਸਾਹਮਣੇ ਚੁੱਕ ਕੇ ਦੋਨਾਂ ਸੂਬਿਆਂ ਵਲੋਂ ਕੀਤੀ ਜਾ ਰਹੀ ਇਸ ਨਾਜਾਇਜ਼ ਵਸੂਲੀ 'ਤੇ ਰੋਕ ਲਗਾਈ ਜਾਵੇ | ਇਸ ਮੌਕੇ ਐੱਮ.ਪੀ. ਡਾ. ਅਮਰ ਸਿੰਘ ਨੇ ਟੈਕਸੀ ਚਾਲਕਾਂ ਨੂੰ ਭਰੋਸਾ ਦਵਾਇਆ ਕਿ ਉਹ ਇਸ ਮਸਲੇ ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਗੱਲ ਕਰਨਗੇ ਅਤੇ ਮਸਲੇ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ | ਮੰਗ ਪੱਤਰ ਸੌਂਪਣ ਸਮੇਂ ਕੁਲਜੀਤ ਸਿੰਘ ਨਿੱਕਾ ਬੁਰਜ ਹਰੀ ਸਿੰਘ, ਗੁਰਦੀਪ ਸਿੰਘ ਢਿੱਲੋਂ, ਜਸਵਿੰਦਰ ਸਿੰਘ ਢਿੱਲੋਂ, ਮੁਖਤਿਆਰ ਸਿੰਘ ਗਰੇਵਾਲ, ਗੁਰਮੀਤ ਸਿੰਘ ਰਾਏਕੋਟ, ਪਰਵਿੰਦਰ ਸਿੰਘ, ਕੁਲਦੀਪ ਸਿੰਘ, ਸੋਨੀ ਸਿੱਧੂ, ਬਲਜੀਤ ਸਿੰਘ ਗੋਂਦਵਾਲ, ਠਾਕਰਜੀਤ ਸਿੰਘ ਤਾਜਪੁਰੀ, ਹਰਜੀਤ ਸਿੰਘ ਕਲਸੀਆਂ, ਜਿੰਦਰ ਸਿੰਘ ਕਲਸੀਆਂ, ਹਰਦੀਪ ਸਿੰਘ ਤਾਜਪੁਰ, ਰਾਜੂ ਨੂਰਪੁਰਾ, ਸੋਨੂੰ ਆਦਿ ਟੈਕਸੀ ਚਾਲਕ ਹਾਜ਼ਰ ਸਨ |