ਰਾਏਕੋਟ, 16 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬ 'ਚ ਬਦਲਾਅ ਅਤੇ ਬਿਹਤਰੀਨ ਤਰੀਕੇ ਦਾ ਰਾਜਭਾਗ ਮੁਹੱਈਆ ਕਰਵਾਉਣ ਦੇ ਦਾਅਵੇ ਤੇ ਵਾਅਦੇ ਨਾਲ ਸੱਤਾ 'ਤੇ ਕਾਬਜ਼ ਹੋਈ 'ਆਪ' ਸਰਕਾਰ ਦੀਆਂ ਨਿਕੰਮੀਆਂ ਅਤੇ ਗੈਰ-ਜ਼ਿੰਮੇਵਾਰ ਨੀਤੀਆਂ ਕਾਰਨ ਨਵੀਂਆਂ ਚੁਣੀਆਂ ਗਈਆਂ ਪੰਚਾਇਤਾਂ 9 ਮਹੀਨਿਆਂ ਤੋਂ ਗ੍ਰਾਂਟਾਂ ਨੂੰ ਤਰਸ ਰਹੀਆਂ ਹਨ | ਸਰਕਾਰ ਦੀ ਇਸ ਢਿੱਲੀ ਕਾਰਗੁਜ਼ਾਰੀ ਦਾ ਖੁਲਾਸਾ ਅੱਜ ਪਿੰਡ ਗੋਂਦਵਾਲ ਦੀ ਨਵੀਂ ਚੁਣੀ ਗ੍ਰਾਮ ਪੰਚਾਇਤ ਵਲੋਂ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਸਿੱਧੂ ਦੀ ਮੌਜੂਦਗੀ 'ਚ ਕੀਤਾ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਸੁਖਪਾਲ ਸਿੰਘ ਸਿੱਧੂ ਅਤੇ ਸਰਪੰਚ ਬਲਦੇਵ ਸਿੰਘ ਖ਼ਾਲਸਾ, ਪੰਚ ਜਗਜੀਤ ਸਿੰਘ ਸਿੱਧੂ, ਪੰਚ ਗੁਰਮੇਲ ਸਿੰਘ, ਪੰਚ ਲਖਵੀਰ ਸਿੰਘ ਲੱਖਾ ਨੇ ਦੱਸਿਆ ਕਿ 15 ਅਕਤੂਬਰ 2024 ਨੂੰ ਵੋਟਾਂ ਪੈਣ ਉਪਰੰਤ ਚੁਣੀਆਂ ਗਈਆਂ ਨਵੀਆਂ ਪੰਚਾਇਤਾਂ ਨੂੰ ਵਿਕਾਸ ਲਈ ਪਿਛਲੇ 9 ਮਹੀਨਿਆਂ ਤੋਂ ਸਰਕਾਰ ਵਲੋਂ ਜਿੱਥੇ ਇਕ ਵੀ ਰੁਪਏ ਦੀ ਨਵੀਂ ਗ੍ਰਾਂਟ ਜਾਰੀ ਨਹੀਂ ਕੀਤੀ ਗਈ, ਉੱਥੇ ਹੀ ਵੱਡੀ ਗਿਣਤੀ 'ਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਫ਼ਤਰਾਂ ਵਿਚ ਕਈ ਪੋਸਟਾਂ ਖ਼ਾਲੀ ਪਈਆਂ ਹਨ, ਸਗੋਂ ਬਲਾਕ ਰਾਏਕੋਟ ਵਿਚ ਪਿਛਲੇ 2 ਮਹੀਨਿਆਂ ਤੋਂ ਬੀ.ਡੀ.ਪੀ.ਓ. ਦੀ ਪੱਕੀ ਤਾਇਨਾਤੀ ਨਹੀਂ ਹੈ ਅਤੇ ਹੋਰਨਾਂ ਦਫ਼ਤਰਾਂ ਦੇ ਅਧਿਕਾਰੀਆਂ ਨੂੰ ਵਾਧੂ ਚਾਰਜ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ | ਇਸ ਮੌਕੇ ਲੁਧਿਆਣਾ-1 ਦੇ ਬੀ.ਡੀ.ਪੀ.ਓ. ਰਾਜੇਸ਼ ਕੁਮਾਰ ਚੱਢਾ ਨੂੰ ਬਲਾਕ ਰਾਏਕੋਟ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ, ਜਦਕਿ ਉਨ੍ਹਾਂ ਕੋਲ ਡੀ.ਡੀ.ਪੀ.ਓ. ਲੁਧਿਆਣਾ ਦਾ ਵੀ ਵਾਧੂ ਚਾਰਜ ਹੈ | ਜਿਸ ਦੇ ਚੱਲਦੇ ਬੀ.ਡੀ.ਪੀ.ਓ ਰਾਜੇਸ਼ ਚੱਢਾ ਦੀ ਹਾਜ਼ਰੀ ਬਲਾਕ ਰਾਏਕੋਟ ਦਫ਼ਤਰ ਵਿਚ ਘੱਟ ਹੋਣ ਕਾਰਨ ਪਿਛਲੇ 2 ਮਹੀਨਿਆਂ ਤੋਂ ਬਲਾਕ ਰਾਏਕੋਟ ਦਾ ਪੂਰਾ ਕੰਮ ਠੱਪ ਪਿਆ ਹੈ | ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੇ ਇਕ ਹੋਰ ਨਾਦਰਸ਼ਾਹੀ ਫੁਰਮਾਨ ਕਾਰਨ ਕੇਂਦਰ ਸਰਕਾਰ ਵਲੋਂ ਭੇਜਿਆ 15ਵੇਂ ਵਿੱਤ ਕਮਿਸ਼ਨ ਦਾ ਰੁਪਿਆ ਵੀ ਪਿੰਡਾਂ ਦੇ ਵਿਕਾਸ ਲਈ ਵਰਤਿਆ ਨਹੀਂ ਜਾ ਰਿਹਾ, ਕਿਉਂਕਿ ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਆਪਣੇ ਨਵੇਂ ਖਾਤੇ ਐਕਸਿਸ ਬੈਂਕਾਂ ਦੀਆਂ ਬ੍ਰਾਂਚਾਂ ਵਿਚ ਖੁੱਲਵਾਉਣ ਦੇ ਫੁਰਮਾਨ ਜਾਰੀ ਕੀਤੇ ਹੋਏ ਹਨ, ਜਦਕਿ ਪਿਛਲੇ 12-13 ਸਾਲਾਂ ਤੋਂ ਪੰਚਾਇਤਾਂ ਦੇ ਖਾਤੇ ਐੱਚ.ਡੀ.ਐੱਫ.ਸੀ. ਬੈਂਕਾਂ ਵਿਚ ਚਲਦੇ ਆ ਰਹੇ ਸਨ | ਇਸ ਲਈ ਨਵੀਂ ਬੈਂਕ ਵਿਚ ਜਿਨ੍ਹਾਂ ਚਿਰ ਪੰਚਾਇਤਾਂ ਦਾ ਨਵਾਂ ਖਾਤਾ ਤੇ ਆਈ.ਡੀ. ਚਾਲੂ ਨਹੀਂ ਹੁੰਦੀ, ਉਨ੍ਹਾਂ ਚਿਰ 15ਵੇਂ ਵਿੱਤ ਕਮਿਸ਼ਨ ਦਾ ਰੁਪਿਆ ਖ਼ਾਤਿਆਂ ਵਿਚ ਟ੍ਰਾਂਸਫਰ ਨਹੀਂ ਹੋਵੇਗਾ ਅਤੇ ਰੁਪਏ ਟ੍ਰਾਂਸਫਰ ਹੋਣ ਤੱਕ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਵਾਲਾ ਕੰਮ ਵੀ ਰੁਕਿਆ ਰਹੇਗਾ | ਇਸੇ ਤਰ੍ਹਾਂ ਪੰਚਾਇਤਾਂ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਤੇ ਛੱਪੜਾਂ ਦੀ ਸਫ਼ਾਈ ਦੀਆਂ ਪੇਮੈਂਟਾਂ ਵੀ ਰੁਕੀਆਂ ਪਈਆਂ ਹਨ | ਇਸ ਮੌਕੇ ਚੇਅਰਮੈਨ ਸੁਖਪਾਲ ਸਿੰਘ ਨੇ 'ਆਪ' ਸਰਕਾਰ 'ਤੇ ਵਰ੍ਹਦਿਆਂ ਆਖਿਆ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਵੱਲ ਧਿਆਨ ਦੇਣ ਦੀ ਬਜਾਏ ਸਿਰਫ਼ ਸਿਆਸੀ ਖੁੰਦਕਬਾਜ਼ੀ ਹੀ ਪੂਰੀ ਕਰਨ ਵਿਚ ਲੱਗੀ ਹੋਈ ਹੈ |