ਕਾਰ 'ਚੋਂ ਧੱਕਾ ਦੇ ਕੇ ਸੁੱਟ ਕੇ ਹੋਏ ਫ਼ਰਾਰ, ਲੋਕਾਂ ਵਿਚ ਦਹਿਸ਼ਤ
ਗੁਰੂਸਰ ਸੁਧਾਰ, 16 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ, ਜਗਪਾਲ ਸਿੰਘ ਸਿਵੀਆਂ)-ਇਲਾਕੇ ਅੰਦਰ ਪਿਛਲੇ ਕਾਫ਼ੀ ਸਮੇਂ ਤੋਂ ਸਰਗਰਮ ਤੇ ਹੁਣ ਤੱਕ ਕਈ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਕਾਰ ਸਵਾਰ ਗਰੋਹ ਨੇ ਅੱਜ ਫਿਰ ਘਟਨਾ ਨੂੰ ਅੰਜਾਮ ਦਿੰਦਿਆਂ ਇਕ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਲੁੱਟ ਲਈਆਂ | ਜਾਣਕਾਰੀ ਅਨੁਸਾਰ ਪਿੰਡ ਤੁਗਲ ਨਿਵਾਸੀ ਸੇਵਾਮੁਕਤ ਸੂਬੇਦਾਰ ਪ੍ਰੀਤਮ ਸਿੰਘ ਆਪਣੀ ਪਤਨੀ ਹਰਵਿੰਦਰ ਕੌਰ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਸਵੇਰੇ ਕਰੀਬ 9:30 ਵਜੇ ਸੁਧਾਰ ਬਾਜ਼ਾਰ ਪਹੁੰਚਿਆ ਤੇ ਇਥੋਂ ਅੱਗੇ ਉਨ੍ਹਾਂ ਦੋਵਾਂ ਨੇ ਲੁਧਿਆਣਾ ਸਥਿਤ ਹਸਪਤਾਲ ਪਹੁੰਚਣ ਲਈ ਬੱਸ ਰਾਹੀਂ ਰਵਾਨਾ ਹੋਣਾ ਸੀ, ਜਿਥੇ ਹਰਵਿੰਦਰ ਕੌਰ ਦਾ ਇਲਾਜ ਚੱਲ ਰਿਹਾ ਹੈ | ਸੂਬੇਦਾਰ ਪ੍ਰੀਤਮ ਸਿੰਘ ਆਪਣੀ ਪਤਨੀ ਹਰਵਿੰਦਰ ਕੌਰ ਨੂੰ ਸ਼ਿਵ ਮੰਦਿਰ ਸੁਧਾਰ ਅੱਗੇ ਲੁਧਿਆਣਾ-ਬਠਿੰਡਾ ਰਾਜਮਾਰਗ ਕਿਨਾਰੇ 'ਤੇ ਖੜ੍ਹਾ ਕਰਕੇ ਆਪਣੀ ਸਕੂਟਰੀ ਇਕ ਦੁਕਾਨ ਦੇ ਪਿੱਛੇ ਲਗਾਉਣ ਚਲਾ ਗਿਆ, ਜਦਕਿ ਉਸ ਦੀ ਪਤਨੀ ਹਰਵਿੰਦਰ ਕੌਰ ਸੜਕ ਕਿਨਾਰੇ ਹੀ ਇਕ ਫਲਾਂ ਵਾਲੀ ਰੇਹੜੀ ਕੋਲ ਖੜ੍ਹ ਗਈ | ਪੀੜ੍ਹਤਾ ਹਰਵਿੰਦਰ ਕੌਰ ਨੇ ਦੱਸਿਆ ਕਿ ਉਸੇ ਵਕਤ ਮੇਰੇ ਕੋਲ ਇਕ ਚਿੱਟੇ ਰੰਗ ਦੀ ਕਾਰ (ਸੂਤਰਾਂ ਅਨੁਸਾਰ ਸਵਿੱਫ਼ਟ) ਆ ਕੇ ਰੁਕੀ ਤੇ ਇਸ ਦੀ ਡਰਾਈਵਰ ਸੀਟ 'ਤੇ ਮੋਨਾ ਨੌਜਵਾਨ ਬੈਠਾ ਸੀ ਅਤੇ ਪਿੱਛੇ ਬੈਠੀਆਂ ਦੋ ਔਰਤਾਂ ਜੋ ਕਿ ਸਰੀਰਕ ਪੱਖ ਤੋਂ ਕਾਫ਼ੀ ਤਕੜੀਆਂ ਸਨ, ਨੇ ਟਾਕੀ ਖੋਲ੍ਹ ਕੇ ਮੈਨੂੰ ਕੁਝ ਪੁੱਛਣ ਦੇ ਬਹਾਨੇ ਕੋਲ ਸੱਦਿਆ ਤੇ ਪਲ ਝਪਕਦਿਆਂ ਦੋਹਾਂ ਔਰਤਾਂ ਨੇ ਬਾਹਾਂ ਤੋਂ ਫੜ੍ਹ ਕੇ ਮੈਨੂੰ ਗੱਡੀ ਅੰਦਰ ਖਿੱਚ ਲਿਆ | ਮਹਿਜ ਅੱਧਾ-ਪੌਣਾ ਮਿੰਟ ਤੋਂ ਵੀ ਘੱਟ ਸਮੇਂ ਅੰਦਰ ਵਾਪਰੀ ਇਸ ਘਟਨਾ ਦੌਰਾਨ ਗੱਡੀ ਵਿਚਲੀਆਂ ਸਵਾਰ ਔਰਤਾਂ ਨੇ ਹਰਵਿੰਦਰ ਕੌਰ ਦੇ ਨੱਕ ਨੂੰ ਕੁਝ ਸੁੰਘਾਇਆ ਤੇ ਉਸ ਦੇ ਸੱਜੇ ਕੰਨ ਵਿਚਲੀਆਂ ਤਿੰਨ ਸੋਨੇ ਦੀਆਂ ਵਾਲੀਆਂ ਉਤਾਰ ਲਈਆਂ | ਹਰਵਿੰਦਰ ਕੌਰ ਦੇ ਦੋਹੇਂ ਕੰਨ ਤਿੰਨ-ਤਿੰਨ ਥਾਵਾਂ ਤੋਂ ਵਿੰਨੇ ਹੋਏ ਹਨ | ਉਸ ਅਨੁਸਾਰ ਮੈਂ ਗੱਡੀ ਵਿਚ ਬਹੁਤ ਰੌਲਾ ਪਾਇਆ ਪਰ ਸ਼ੀਸ਼ੇ ਬੰਦ ਹੋਣ ਕਾਰਨ ਕਿਸੇ ਨੂੰ ਆਵਾਜ਼ ਨਹੀਂ ਸੁਣੀ | ਘਟਨਾ ਸਥਾਨ ਤੋਂ ਸਿਰਫ਼ 30-40 ਮੀਟਰ ਅੱਗੇ ਤੁਰੀ ਜਾਂਦੀ ਗੱਡੀ ਦੀ ਟਾਕੀ ਵੀ ਹਰਵਿੰਦਰ ਕੌਰ ਨੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਇਸੇ ਟਾਈਮ ਕਾਰ ਸਵਾਰ ਔਰਤਾਂ ਨੇ ਉਸ ਨੂੰ ਬਾਰੀ ਖੋਲ੍ਹ ਕੇ ਅਬੋਹਰ ਬਰਾਂਚ ਨਹਿਰ ਪੁਲ ਨਜ਼ਦੀਕ ਗੱਡੀ ਵਿੱਚੋਂ ਧੱਕਾ ਦੇ ਦਿੱਤਾ ਅਤੇ ਸੜਕ 'ਤੇ ਸੁੱਟ ਕੇ ਫ਼ਰਾਰ ਹੋ ਗਏ | ਸੂਬੇਦਾਰ ਪ੍ਰੀਤਮ ਸਿੰਘ ਅਨੁਸਾਰ ਸੋਨੇ ਦੀ ਹਰੇਕ ਵਾਲੀ ਦਾ ਭਾਰ ਕਰੀਬ ਦੋ ਗ੍ਰਾਮ ਸੀ | ਦਿਨ-ਦਿਹਾੜੇ ਤੇ ਤੜਕਸਾਰ ਵਾਪਰੀ ਇਸ ਘਟਨਾ ਕਾਰਨ ਕਸਬੇ ਦੇ ਲੋਕਾਂ ਅੰਦਰ ਵੀ ਦਹਿਸ਼ਤ ਪਾਈ ਜਾ ਰਹੀ ਹੈ ਤੇ ਪੁਲਿਸ ਅੱਜ ਤੱਕ ਇਸ ਗਰੋਹ ਨੂੰ ਕਾਬੂ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਈ ਹੈ |
ਕਾਰ ਸਵਾਰ ਗਰੋਹ ਨੇ ਚਿੱਟੇ ਦਿਨ ਮਹਿਲਾ ਦੀਆਂ ਤਿੰਨ ਸੋਨੇ ਦੀਆਂ ਵਾਲੀਆਂ ਲੁੱਟੀਆਂ
ਅਜੀਤ ਡੈਸਕ
17-07-2025