ਹੁਸ਼ਿਆਰਪੁਰ, 3 ਦਸੰਬਰ (ਬਲਜਿੰਦਰਪਾਲ ਸਿੰਘ)-ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਡਿਸਏਬਲਡ ਪਰਸਨਜ਼ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਸੰਦੀਪ ਸ਼ਰਮਾ ਵਲੋਂ ਖ਼ੂਨਦਾਨ ਕਰਕੇ ਸਮਾਜ ਨੂੰ ਇੱਕ ਵੱਖਰਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਦਿਵਿਆਂਗ ਵਿਅਕਤੀ ਵੀ ਸਮਾਜ ਦਾ ਇਕ ਅਹਿਮ ਹਿੱਸਾ ਹਨ | ਉਨ੍ਹਾਂ ਕਿਹਾ ਕਿ ਮੇਰੇ ਵਲੋਂ ਤੇ ਸਾਡੀ ਸੁਸਾਇਟੀ ਦੇ ਕੁੱਝ ਦਿਵਿਆਂਗ ਵਿਅਕਤੀਆਂ ਵਲੋਂ 3-4 ਮਹੀਨੇ ਬਾਅਦ ਥੇਲਸੀਮੀਆ ਨਾਲ ਪ੍ਰਭਾਵਿਤ ਬੱਚਿਆਂ ਲਈ ਖ਼ੂਨਦਾਨ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਦਿਵਿਆਂਗ ਵਿਅਕਤੀਆਂ ਨੂੰ ਪਿਛਲੇ ਦਿਨਾਂ 'ਚ ਟਰਾਈ-ਸਾਈਕਲ ਅਤੇ ਵੀਲ੍ਹਚੇਅਰ ਵੀ ਲੈ ਕੇ ਦਿੱਤੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਦੀ ਜ਼ਰੂਰਤ ਪੂਰੀ ਹੋ ਸਕੇ | ਉਨ੍ਹਾਂ ਕਿਹਾ ਕਿ ਖ਼ੂਨਦਾਨ ਮੌਕੇ ਸੰਸਥਾ ਦੇ ਕੈਸ਼ੀਅਰ-ਕਮ-ਜਨਰਲ ਸਕੱਤਰ ਰਾਜ ਕੁਮਾਰ ਨੇ ਕਿਹਾ ਕਿ ਇਹ ਸੁਸਾਇਟੀ ਹਰ ਸਮੇਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਹਰ ਸਾਲ ਸੁਣਨ ਤੋਂ ਅਸਮਰੱਥ ਬੱਚਿਆਂ ਦੇ ਬੈਰਾ ਟੈੱਸਟ ਸੁਸਾਇਟੀ ਵਲੋਂ ਕਰਵਾਏ ਜਾਂਦੇ ਹਨ ਤੇ ਉਨ੍ਹਾਂ ਨੂੰ ਹੇਰਿੰਗ ਏਡ ਵੀ ਲੈ ਕੇ ਦਿੱਤੀ ਜਾਂਦੀ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਮਾਜ ਸੇਵਿਕਾ ਮੈਡਮ ਡੌਲੀ ਚੀਮਾ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਵਲੋਂ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ | ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਕਿਸੇ ਤੋਂ ਵੀ ਘੱਟ ਨਾ ਸਮਝਿਆ ਜਾਵੇ, ਕਿਉਂਕਿ ਇਹ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ | ਉਨ੍ਹਾਂ ਕਿਹਾ ਕਿ ਭਾਵੇਂ ਸਰੀਰਕ ਤੌਰ 'ਤੇ ਦਿਵਿਆਂਗ ਵਿਅਕਤੀ ਕਮਜ਼ੋਰ ਹਨ, ਪਰ ਇਨ੍ਹਾਂ ਦੇ ਹੌਸਲੇ ਹਮੇਸ਼ਾ ਬੁਲੰਦ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਉਹ ਸੁਸਾਇਟੀ ਦੇ ਸਹਿਯੋਗ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ | ਇਸ ਮੌਕੇ ਅਨੀਤਾ ਕੁਮਾਰੀ ਅਤੇ ਕੁਲਜੀਤ ਬੰਗੜ ਵੀ ਹਾਜ਼ਰ ਸਨ |