ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ)-ਭਾਈ ਘਨ੍ਹੱਈਆ ਜੀ ਵੈੱਲਫੇਅਰ ਸੁਸਾਇਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ ਸੁਸਾਇਟੀ ਦੇ ਪ੍ਰਧਾਨ ਜਗਮੀਤ ਸਿੰਘ ਸੇਠੀ ਦੀ ਅਗਵਾਈ 'ਚ ਵਿੱਦਿਆ ਮੰਦਰ ਸਕੂਲ 'ਚ ਕਰਵਾਏ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਿ੍ੰਸੀਪਲ ਕਰਨ ਸ਼ਰਮਾ ਅਤੇ ਚੇਅਰਮੈਨ ਆਗਿਆਪਾਲ ਸਿੰਘ ਸਾਹਨੀ, ਸਕੱਤਰ ਦਲਜੀਤ ਸਿੰਘ, ਕੈਸ਼ੀਅਰ ਗੁਰਜੀਤ ਸਿੰਘ, ਮੀਤ ਪ੍ਰਧਾਨ ਜਸਵੰਤ ਸਿੰਘ ਭੋਗਲ, ਮੈਂਬਰ ਭੁਪਿੰਦਰ ਸਿੰਘ ,ਵਿੱਦਿਆ ਮੰਦਰ ਸਕੂਲ ਦੀ ਪਿ੍ੰਸੀਪਲ ਸ਼ੋਭਾ ਰਾਣੀ, ਜਸਬੀਰ ਕੌਰ ਸੇਠੀ ਅਤੇ ਜਸਬੀਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਉਨ੍ਹਾਂ ਦੇ ਬਲੀਦਾਨ ਅਤੇ ਮਨੁੱਖਤਾ ਲਈ ਦਿੱਤੇ ਅਮੋਲਕ ਸੰਦੇਸ਼ਾਂ 'ਤੇ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕੀਤੇ | ਮੁਕਾਬਲਿਆਂ ਦੌਰਾਨ ਮੈਡਮ ਕੁਸਮ ਅਤੇ ਕੁਲਵਿੰਦਰ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ ਅਤੇ ਸਟੇਜ ਸਕੱਤਰ ਦੀ ਭੂਮਿਕਾ ਰੇਖਾ ਚੌਧਰੀ ਨੇ ਨਿਭਾਈ | ਮੁਕਾਬਲਿਆਂ 'ਚ ਸੁਨਿਧੀ ਨੇ ਪਹਿਲਾ ਸਥਾਨ, ਹਿਮਾਨੀ ਨੇ ਦੂਜਾ ਸਥਾਨ ਅਤੇ ਕਵਿਤਾ ਨੇ ਤੀਜਾ ਸਥਾਨ ਹਾਸਲ ਕੀਤਾ | ਅੰਤ ਵਿਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ |