ਹੁਸ਼ਿਆਰਪੁਰ, 20 ਨਵੰਬਰ (ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਰਿਸੋਰਸ ਕੋਆਰਡੀਨੇਟਰਾਂ ਅਤੇ ਪ੍ਰਾਇਮਰੀ ਕਲਾਸਾਂ ਦੇ ਅਧਿਆਪਕਾਂ ਦੀ ਸਮਰੱਥਾ ਵਧਾਉਣ ਦੇ ਉਦੇਸ਼ ਨਾਲ ਇੱਕ ਦਿਵਸੀ ਵਰਕਸ਼ਾਪ ਜਹਾਨਖੇਲਾਂ ਸਥਿਤ ਰਿਸੋਰਸ ਰੂਮ ਵਿੱਚ ਲਗਾਈ ਗਈ | ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਅਤੇ ਵੱਖ-ਵੱਖ ਬਲਾਕਾਂ ਦੇ ਸਿੱਖਿਆ ਮਾਹਿਰਾਂ ਅਤੇ ਰਿਸੋਰਸ ਪਰਸਨਾਂ ਨੇ ਹਾਜ਼ਰੀ ਭਰੀ | ਮਾਹਰਾਂ ਨੇ ਆਪਣੇ-ਆਪਣੇ ਅਨੁਭਵ ਸਾਂਝੇ ਕਰਦੇ ਹੋਏ ਅਧਿਆਪਕਾਂ ਨੂੰ ਨਵੀਆਂ ਸਿੱਖਿਆ ਤਕਨੀਕਾਂ, ਆਧੁਨਿਕ ਪੱਧਤੀਆਂ ਅਤੇ ਕਲਾਸਰੂਮ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਨੇ ਕਿਹਾ ਕਿ ਸਮਾਜ ਵਿੱਚ ਅਧਿਆਪਕਾਂ ਦਾ ਸਥਾਨ ਸਭ ਤੋਂ ਉੱਚਾ ਹੈ | ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਗਿਆਨ ਹੀ ਨਹੀਂ ਦਿੰਦੇ, ਉਹ ਬੱਚਿਆਂ ਦੇ ਚਰਿੱਤਰ, ਨੈਤਿਕ ਮੁੱਲਾਂ ਅਤੇ ਭਵਿੱਖ ਦੀ ਰਚਨਾ ਵੀ ਕਰਦੇ ਹਨ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਅਧਿਆਪਕਾਂ ਨੂੰ ਸਮੇਂ ਦੇ ਨਾਲ ਅੱਪਡੇਟ ਰੱਖਦੀਆਂ ਹਨ ਅਤੇ ਨਵੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਨਾ ਦਿੰਦੀਆਂ ਹਨ | ਸਟੇਟ ਰਿਸੋਰਸ ਪਰਸਨ ਹਰਜੀਤ ਕੌਰ ਅਤੇ ਨੀਲਮ ਕੌਰ ਨੇ ਸਰਗਰਮੀ-ਆਧਾਰਤ ਸਿੱਖਿਆ, ਬਾਲ ਮਨੋਵਿਗਿਆਨ ਅਤੇ ਕਲਾਸਰੂਮ ਮੈਨੇਜਮੈਂਟ ਬਾਰੇ ਤਾਲੀਮ ਦਿੱਤੀ | ਸਮਾਜ ਸੇਵੀ ਮਿਸ਼ਾ ਨਾਂਬਿਆਰ ਨੇ ਬੱਚਿਆਂ ਲਈ ਅਨੁਕੂਲ ਮਾਹੌਲ, ਮਨ-ਲਗਨ ਤਕਨੀਕਾਂ ਅਤੇ ਘੱਟ ਸਾਧਨਾਂ ਨਾਲ ਬੇਹਤਰ ਸਿੱਖਿਆ ਪੱਧਤੀਆਂ ਬਾਰੇ ਪ੍ਰਸਤੁਤੀ ਦਿੱਤੀ | ਇਸ ਮੌਕੇ ਜ਼ਿਲ੍ਹਾ ਰਿਸੋਰਸ ਪਰਸਨ ਅਸ਼ੋਕ ਕੁਮਾਰ, ਰਾਜਿੰਦਰ ਸਿੰਘ, ਬਲਜੀਤ ਕੁਮਾਰ, ਹਰਮਿੰਦਰ ਪਾਲ ਸਿੰਘ ਸਣੇ 12 ਬਲਾਕਾਂ ਤੋਂ 36 ਰਿਸੋਰਸ ਪਰਸਨ ਮੌਜੂਦ ਸਨ | ਸਾਰੇ ਭਾਗੀਦਾਰਾਂ ਨੇ ਇਸ ਵਰਕਸ਼ਾਪ ਨੂੰ ਲਾਭਦਾਇਕ ਦੱਸਿਆ ਅਤੇ ਇਹ ਸਿੱਖੀਆਂ ਤਕਨੀਕਾਂ ਨੂੰ ਆਪਣੇ ਸਕੂਲਾਂ ਵਿੱਚ ਲਾਗੂ ਕਰਨ ਦਾ ਸੰਕਲਪ ਲਿਆ |