ਦਸੂਹਾ, 20 ਨਵੰਬਰ (ਭੁੱਲਰ)- ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਸਟੇਟ ਪੱਧਰੀ ਖੇਡਾਂ ਵਿਚ ਯੋਗਾ ਮੁਕਾਬਲਿਆਂ ਵਿਚ ਸੰਗਰੂਰ ਵਿਖੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਨੇ ਵੱਖ-ਵੱਖ ਵਰਗਾਂ ਵਿਚ 1 ਸੋਨ ਤਗਮਾ ਅਤੇ 2 ਕਾਂਸੇ ਦੇ ਤਗਮੇ ਜਿੱਤ ਕੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ਰੌਸ਼ਨ ਕੀਤਾ | ਇਸ ਸਬੰਧੀ ਸੀ. ਐਚ. ਟੀ. ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਸਟਰ ਦੇ ਹਲੇੜ੍ਹ ਸਕੂਲ ਦੇ ਖਿਡਾਰੀਆਂ ਨੇ ਲਗਾਤਾਰ 6ਵੀਂ ਵਾਰ ਸਟੇਟ ਪੱਧਰੀ ਖੇਡਾਂ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਨੁਮਾਇੰਦਗੀ ਕਰਦੇ ਹੋਏ ਕੋਚ ਹੈੱਡ ਟੀਚਰ ਨੀਲਮ ਰਾਣੀ ਦੁਆਰਾ ਤਿਆਰ ਕੀਤੀ ਗਈ ਟੀਮ ਨੇ ਬਲਾਕ ਦਸੂਹਾ 2 ਦੇ ਕਲੱਸਟਰ ਘੋਗਰਾ ਦਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ਰੌਸ਼ਨ ਕਰਦੇ ਹੋਏ ਇਤਿਹਾਸ ਸਿਰਜ ਦਿੱਤਾ ਹੈ | ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਨੇ ਸਟੇਟ ਪੱਧਰੀ ਖੇਡਾਂ ਵਿਚ ਇਤਿਹਾਸਕ ਜਿੱਤ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ | ਜੇਤੂ ਖਿਡਾਰੀਆਂ ਦੇ ਵਾਪਸ ਆਉਣ 'ਤੇ ਸਮੂਹ ਐਸ.ਐਮ.ਸੀ. ਮੈਂਬਰਾਂ, ਸਮੂਹ ਪੰਚਾਇਤ ਮੈਂਬਰਾਂ, ਸਕੂਲ ਅਧਿਆਪਕਾ ਪਰਵੀਨ, ਮਾਸਟਰ ਰਮੇਸ਼ ਕੁਮਾਰ, ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਢੋਲ ਵਾਜਿਆਂ ਨਾਲ ਸਵਾਗਤ ਅਤੇ ਸਨਮਾਨਿਤ ਕੀਤਾ |