ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੂਬਾ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੀਮਾ ਗਰਗ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਚ ਹੋਣ ਜਾ ਰਹੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਵੇਂ ਸ਼ਹੀਦੀ ਸਮਾਗਮਾਂ ਲਈ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮੈਡੀਕਲ ਐਂਬੂਲੈਂਸਾਂ ਅਤੇ ਮੈਡੀਕਲ/ਪੈਰਾ-ਮੈਡੀਕਲ ਟੀਮਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਉੱਪਰ ਸੰਬੋਧਨ ਕਰਦਿਆਂ ਡਾ. ਸੀਮਾ ਗਰਗ ਨੇ ਕਿਹਾ ਕਿ ਇਹ ਸਮਾਗਮ ਸੂਬਾ ਪੱਧਰ 'ਤੇ ਬਹੁਤ ਮਹੱਤਵਪੂਰਨ ਹਨ ਅਤੇ ਇਨ੍ਹਾਂ ਵਿਚ ਸ਼ਿਰਕਤ ਕਰਨ ਲਈ ਪੰਜਾਬ ਦੇ ਹਰ ਹਿੱਸੇ ਤੋਂ ਸੰਗਤ ਵੱਡੀ ਗਿਣਤੀ ਵਿਚ ਪਹੁੰਚ ਰਹੀ ਹੈ | ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਪੰਜਾਬ ਭਰ ਤੋਂ ਵਿਸ਼ੇਸ਼ ਮੈਡੀਕਲ ਟੀਮਾਂ ਭੇਜਣ ਦੀ ਤਿਆਰੀ ਕੀਤੀ ਗਈ ਹੈ, ਤਾਂ ਜੋ ਸਮਾਗਮ ਸਥਲ 'ਤੇ ਸੰਗਤ ਦੀ ਸਿਹਤ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾ ਸਕੇ | ਉਨ੍ਹਾਂ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਗਾਏ ਜਾ ਰਹੇ ਸਿਹਤ ਕੈਂਪਾਂ ਵਿਚ ਬਲੱਡ ਪ੍ਰੈਸ਼ਰ, ਸ਼ੂਗਰ ਟੈੱਸਟ, ਜਨਰਲ ਹੈਲਥ ਚੈੱਕਅਪ, ਖ਼ੂਨ ਜਾਂਚਾਂ ਅਤੇ ਐਮਰਜੈਂਸੀ ਸੇਵਾਵਾਂ ਸਮੇਤ ਕਈ ਮਹੱਤਵਪੂਰਨ ਸਿਹਤ ਸਹੂਲਤਾਂ 24 ਘੰਟੇ ਉਪਲਬਧ ਰਹਿਣਗੀਆਂ | ਸੂਬੇ ਦੇ ਵੱਖ-ਵੱਖ ਸੇਵਾ ਕੇਂਦਰਾਂ ਅਤੇ ਹਸਪਤਾਲਾਂ ਤੋਂ 27 ਵਿਸ਼ੇਸ਼ ਮੈਡੀਕਲ ਟੀਮਾਂ ਇਹ ਸੇਵਾਵਾਂ ਦੇਣ ਵਿਚ ਭਾਗ ਲੈਣਗੀਆਂ | ਰਵਾਨਾ ਕੀਤੀਆਂ ਟੀਮਾਂ ਵਿਚ ਮੈਡੀਕਲ ਅਫ਼ਸਰਾਂ, ਸਪੈਸ਼ਲਿਸਟ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਐਮਰਜੈਂਸੀ ਸਹਾਇਕ ਕਰਮਚਾਰੀ ਸ਼ਾਮਲ ਹਨ, ਜੋ ਸਮਾਗਮ ਦੌਰਾਨ ਤੈਨਾਤ ਰਹਿ ਕੇ ਸੰਗਤ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਗੇ | ਇਸ ਮੌਕੇ ਉੱਪਰ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਕਪਿਲ ਡੋਗਰਾ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ, ਬੀ.ਈ.ਈ ਰੋਹਿਤ ਸ਼ਰਮਾ, ਪੀਏ ਸਤਪਾਲ, ਸਟੈਨੋ ਆਸ਼ਾ ਦੇਵੀ ਹਾਜ਼ਰ ਸਨ |