ਹੁਸ਼ਿਆਰਪੁਰ, 20 ਨਵੰਬਰ (ਹਰਪ੍ਰੀਤ ਕੌਰ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਸਮਾਗਮ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਵਿਖੇ 21 ਤੋਂ 25 ਨਵੰਬਰ ਤੱਕ ਮਨਾਏ ਜਾ ਰਹੇ ਹਨ | ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਗੁਰਦੁਆਰਾ ਸਾਹਿਬ ਵਿਖੇ ਸਮੂਹ ਸੰਤ ਸਮਾਜ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਭਾ ਸੁਸਾਇਟੀਆਂ ਦੀ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਲਾਇਲ ਅਤੇ ਚਰਨਜੀਤ ਸਿੰਘ ਲਵਲੀ ਖਾਲਸਾ ਨੇ ਦੱਸਿਆ ਕਿ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਤੋਂ ਨਗਰ ਕੀਰਤਨ ਆਰੰਭ ਹੋਣਗੇ ਜੋ ਘੰਟਾ ਘਰ ਚੌਂਕ, ਕਮਾਲਪੁਰ ਚੌਕ, ਪ੍ਰਭਾਤ ਚੌਂਕ, ਮਹਾਰਾਜਾ ਜੱਸਾ ਸਿੰਘ ਰਾਮਗੜੀਆ ਚੌਂਕ, ਪਾਸਪੋਰਟ ਦਫਤਰ, ਗੁਰਦੁਆਰਾ ਕਲਗੀਧਰ ਚਰਨ ਪਾਵਨ ਰੌਸ਼ਨ ਗਰਾਉਂਡ, ਗੁਰਦੁਆਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ, ਐਸਡੀ ਸਕੂਲ, ਕਣਕ ਮੰਡੀ ਚੌਕ, ਬਹਾਦਰਪੁਰ ਚੌਂਕ, ਸ਼ਿਮਲਾ ਪਹਾੜੀ ਚੌਂਕ, ਮਾਲ ਰੋਡ, ਸਦਰ ਥਾਣਾ ਚੌਂਕ, ਜੇਲ੍ਹ ਚੌਂਕ, ਮਾਹਿਲਪੁਰ ਅੱਡਾ, ਸੈਸ਼ਨ ਚੌਕ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਿੰਘ ਸਭਾ ਵਿਖੇ ਸੰਪੂਰਨ ਹੋਵੇਗਾ | 23 ਨਵੰਬਰ ਨੂੰ ਸਵੇਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ 10 ਵਜੇ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਵੱਲੋਂ ਧਾਰਮਿਕ ਚਿੱਤਰਕਾਰੀ ਤੇ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਹੋਣਗੇ, 24 ਨਵੰਬਰ ਨੂੰ ਸਵੇਰੇ 10 ਵਜੇ ਸਕੂਲੀ ਬੱਚਿਆਂ ਦੀ ਕਾਰਜਸ਼ਾਲਾ ਸਿੱਖ ਮਿਸ਼ਨਰੀ ਕਾਲਜ ਹੁਸ਼ਿਆਰਪੁਰ ਜ਼ੋਨ ਵੱਲੋਂ ਕਰਵਾਈ ਜਾਏਗੀ ਅਤੇ 25 ਨਵੰਬਰ ਨੂੰ ਸਵੇਰ ਅਤੇ ਸ਼ਾਮ ਦੇ ਦੀਵਾਨ ਸਜਾਏ ਜਾਣਗੇ | ਪ੍ਰਸਿੱਧ ਕੀਰਤਨੀਏ ਕਵੀਸ਼ਰੀ ਜਥੇ ਅਤੇ ਕਥਾ ਵਾਚਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ |