ਹੁਸ਼ਿਆਰਪੁਰ, 19 ਨਵੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਪਿੰਡ ਮੜੂਲੀ ਬ੍ਰਾਹਮਣਾਂ ਦੀ ਪੰਚਾਇਤ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ ਜ਼ਿਲੇ੍ਹ ਭਰ ਤੋਂ ਟੀਮਾਂ ਨੇ ਹਿੱਸਾ ਲਿਆ | ਇਸ ਟੂਰਨਾਮੈਂਟ 'ਚ ਅੰਤਰਰਾਸ਼ਟਰੀ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਸਟੇਟ ਐਵਾਰਡੀ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਜੋਕੇ ਸਮੇਂ 'ਚ ਅਜਿਹੇ ਟੂਰਨਾਮੈਂਟ ਕਰਵਾਉਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਣ ਦਾ ਵਧੀਆ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਹੁਣ ਤੋ ਖੇਡਾਂ ਨਾਲ ਜੁੜ ਗਏ ਹਨ ਉਹ ਨਸ਼ਿਆਂ ਤੇ ਹੋਰਨਾਂ ਮਾੜੀਆਂ ਅਲਾਮਤਾਂ ਤੋਂ ਬਚੇ ਰਹਿਣਗੇ | ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਸੰਧੂ ਨੇ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਦੀਆਂ ਪ੍ਰਾਪਤੀਆਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼-ਵਿਦੇਸ਼ ਚ ਲੱਖਾਂ ਕਿੱਲੋਮੀਟਰ ਸਾਈਕਲਿੰਗ ਕਰਦੇ ਪੰਜਾਬ ਅਤੇ ਹੁਸ਼ਿਆਰਪੁਰ ਦਾ ਨਾਮ ਦੁਨੀਆ ਭਰ ਚ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਨ੍ਹਾਂ ਤੋਂ ਸੇਧ ਲੈ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਹੋਣਾ ਚਾਹੀਦਾ ਹੈ | ਇਸ ਮੌਕੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਨਰਲ ਸਕੱਤਰ ਪ੍ਰੇਮ ਸਿੰਘ, ਨੰਬਰਦਾਰ ਰਣਜੀਤ ਸਿੰਘ ਰਾਣਾ ਸੀਨੀਅਰ ਵਾਈਸ ਪ੍ਰਧਾਨ, ਨਛੱਤਰ ਸਿੰਘ ਜਨਰਲ ਸਕੱਤਰ, ਰਜਿੰਦਰ ਸਿੰਘ ਗੁਚੂ, ਮਿੰਟੂ ਮੜੂਲੀ, ਜਸਵੰਤ ਸਿੰਘ ਆਦਿ ਹਾਜ਼ਰ ਸਨ |