ਮੁਕੇਰੀਆਂ, 19 ਨਵੰਬਰ (ਰਾਮਗੜ੍ਹੀਆ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਖੇ ਸਲਾਨਾ ਵਿਗਿਆਨ ਪ੍ਰਦਰਸ਼ਨੀ ਬੜੀ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਲਗਾਈ ਗਈ | ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਜੀ.ਐਸ. ਮੁਲਤਾਨੀ ਅਤੇ ਨੀਰੂ ਮੁਲਤਾਨੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ | ਸਕੂਲ ਦੀ ਪਿ੍ੰਸੀਪਲ ਮਿਸ ਅਰਚਨਾ ਸੂਦਨ ਨੇ ਮੁੱਖ ਮਹਿਮਾਨਾਂ ਨੂੰ ਇੱਕ ਬੂਟਾ ਭੇਟ ਕਰਕੇ ਸਨਮਾਨਿਤ ਕੀਤਾ | ਇਸ ਵਿਗਿਆਨ ਪ੍ਰਦਰਸ਼ਨੀ ਵਿਚ 4ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਗਿਆਨਕ ਮਾਡਲ ਪੇਸ਼ ਕੀਤੇ | ਬੱਚਿਆਂ ਵੱਲੋਂ ਤਿਆਰ ਕੀਤੇ ਗਏ ਮਾਡਲਾਂ ਵਿਚ ਏ.ਟੀ.ਐਮ ਮਸ਼ੀਨ, ਨਿਊਕਲੀਅਰ ਪਾਵਰ ਪਲਾਂਟ, ਡੀ.ਐਨ.ਏ. ਮਾਡਲ, ਚੰਦਰਯਾਨ, ਰੋਬੋਟ, 5ਜੀ ਸਿਸਟਮ, ਕੈਲਸ਼ੀਅਮ ਕਾਰਬਾਈਡ ਗੰਨ, ਫਾਇਰ ਅਲਾਰਮ, ਵੇਸਟ ਮੈਟੀਰੀਅਲ ਤੋਂ ਬਿਜਲੀ, ਏਅਰ ਕਲੀਨਰ, ਵਾਟਰ ਪਿਊਰੀਫਾਇਰ ਅਤੇ ਸਮਾਰਟ ਸਿਟੀ ਵਰਗੇ ਆਕਰਸ਼ਕ ਪ੍ਰੋਜੈਕਟ ਸ਼ਾਮਿਲ ਸਨ | ਵਿਦਿਆਰਥੀਆਂ ਨੇ 100 ਤੋਂ ਵੱਧ ਮਾਡਲ ਪ੍ਰਦਰਸ਼ਿਤ ਕੀਤੇ, ਜੋ ਉਨ੍ਹਾਂ ਦੀ ਮਿਹਨਤ, ਸਿਰਜਣਾਤਮਿਕਤਾ ਅਤੇ ਵਿਗਿਆਨਕ ਗਿਆਨ ਦੀ ਉੱਤਮ ਮਿਸਾਲ ਸਨ | ਮੁੱਖ ਮਹਿਮਾਨਾਂ ਅਤੇ ਮਾਪਿਆਂ ਨੇ ਸਾਰੇ ਮਾਡਲਾਂ ਨੂੰ ਦੇਖਿਆ ਅਤੇ ਵਿਦਿਆਰਥੀਆਂ ਦੀ ਵਿਗਿਆਨਕ ਸੋਚ, ਨਵੀਨਤਾ ਦੀ ਭਰਪੂਰ ਸ਼ਲਾਘਾ ਕੀਤੀ | ਵਿਦਿਆਰਥੀਆਂ ਨੇ ਆਪਣੀ ਵਿਗਿਆਨਕ ਸਮਝ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਨ ਕਰਦੇ ਹੋਏ ਆਤਮ ਵਿਸ਼ਵਾਸ ਨਾਲ ਆਪਣੇ ਪ੍ਰੋਜੈਕਟਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਪੇਸ਼ ਕੀਤੀ | ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਨਵੀਨਤਾ, ਖੋਜ ਭਾਵਨਾ ਅਤੇ ਵਿਗਿਆਨਕ ਰਵੱਈਏ ਨੂੰ ਉਤਸ਼ਾਹਿਤ ਕਰਨਾ ਸੀ | ਇਹ ਸਮਾਗਮ ਪੂਰੀ ਤਰ੍ਹਾਂ ਸਫਲ ਰਿਹਾ | ਅੰਤ ਵਿਚ ਪਿ੍ੰਸੀਪਲ ਨੇ ਆਏ ਹੋਏ ਸਾਰੇ ਮਹਿਮਾਨਾਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਭਵਿੱਖ ਵਿਚ ਹੋਰ ਵੀ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ |