26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਤੋੜ ਕੇ ਹੋਰ ਜ਼ਿਲ੍ਹੇ ਨਾਲ ਨਾ ਜੋੜਿਆ ਜਾਵੇ-ਐਡਵੋਕੇਟ ਪੀ.ਐੱਸ. ਘੁੰਮਣ

ਅਜੀਤ ਡੈਸਕ 06-11-2025
ਗੜ੍ਹਸ਼ੰਕਰ, 5 ਨਵੰਬਰ (ਧਾਲੀਵਾਲ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਐਡਵੋਕੇਟ ਪੀ.ਐੱਸ. ਘੁੰਮਣ ਆਪਣੇ ਸਾਥੀਆਂ ਸਮੇਤ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ | ਇਸ ਮੌਕੇ ਕਮੇਟੀ ਨਾਲ ਮੀਟਿੰਗ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਪ੍ਰਸਤਾਵਿਤ ਨਵੇਂ ਜ਼ਿਲ੍ਹੇ ਸ੍ਰੀ ਅਨੰਦਪੁਰ ਸਾਹਿਬ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਨੂੰ ਚੁੱਪ-ਚੁਪੀਤੇ ਜੋੜਨ ਦੀ ਤਜਵੀਜ਼ ਦਾ ਵਿਰੋਧ 'ਚ ਗੱਲਬਾਤ ਕਰਦਿਆਂ ਐਡਵੋਕੇਟ ਪੀ.ਐੱਸ. ਘੁੰਮਣ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨਵਾਂ ਜ਼ਿਲ੍ਹਾ ਬਣਾਉਣ ਜਾ ਰਹੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਪ੍ਰੰਤੂ ਅਸੀਂ ਇਤਿਹਾਸਕ ਅਤੇ ਕੁਦਰਤੀ ਤੌਰ 'ਤੇ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਵਿਲੱਖਣ ਇਲਾਕਿਆਂ ਨੂੰ ਕੱਢ ਕੇ ਨਵੇਂ ਪ੍ਰਸਤਾਵਿਤ ਜ਼ਿਲ੍ਹੇ 'ਚ ਮਿਲਾਉਣ ਦਾ ਵਿਰੋਧ ਕਰਦੇ ਹਾਂ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਨਾ ਸਿਰਫ਼ ਪ੍ਰਸ਼ਾਸਨਿਕ ਤੌਰ 'ਤੇ ਗ਼ਲਤ ਹੈ, ਸਗੋਂ ਭਵਿੱਖ 'ਚ ਇਸ ਦਾ ਜ਼ਿਲ੍ਹੇ ਦੀ ਆਰਥਿਕਤਾ 'ਤੇ ਵੀ ਮਾੜਾ ਅਸਰ ਪਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਵਕੀਲ ਭਾਈਚਾਰੇ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ | ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਜ਼ਿਲ੍ਹਾ ਬਣਾਉਣ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਹੁਸ਼ਿਆਰਪੁਰ ਦੇ ਕਈ ਪਿੰਡਾਂ ਖ਼ਾਸਕਰ ਬੀਤ ਇਲਾਕੇ ਦੇ ਪਿੰਡਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਨਾਲ ਸੰਗਤਾਂ ਦੀ ਆਸਥਾ ਨੂੰ ਠੇਸ ਪੁੱਜੇਗੀ | ਅਸੀਂ ਵੀ ਕਾਫ਼ੀ ਪਿੰਡਾਂ ਵਿਚ ਜਾ ਕੇ ਦੇਖਿਆ ਹੈ ਕਿ ਕਾਫ਼ੀ ਸੰਗਤਾਂ ਦਾ ਇਹੀ ਵਿਚਾਰ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ ਵਿਚ ਸ਼ਾਮਿਲ ਕੀਤਾ ਜਾਵੇ | ਹੁਸ਼ਿਆਰਪੁਰ ਦੀ ਧਰਤੀ ਵੀ ਆਪਣਾ ਇਤਿਹਾਸ ਰੱਖਦੀ ਹੈ ਜੋ ਕਿ ਵਿਸ਼ਵ ਭਰ ਵਿਚ ਪ੍ਰਸਿੱਧ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਗੜ੍ਹਸ਼ੰਕਰ ਤਹਿਸੀਲ ਵਿਚ ਰਹਿਣ ਦਿੱਤਾ ਜਾਵੇ | ਉਨ੍ਹਾਂ ਬਾਰ ਐਸੋਸੀਏਸ਼ਨ ਦੇ ਸ਼ਾਂਤਮਈ ਢੰਗ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ ਕਿ ਅਸੀਂ ਇਸ ਮੁੱਦੇ 'ਤੇ ਸਹਿਯੋਗ ਕਰਾਂਗੇ | ਇਸ ਮੌਕੇ ਉਪ ਪ੍ਰਧਾਨ ਐਡਵੋਕੇਟ ਵਿਕਰਮਜੀਤ ਸਿੰਘ, ਐਡਵੋਕੇਟ ਏ.ਕੇ. ਵਰਮਾ, ਐਡਵੋਕੇਟ ਮਨਿਕ, ਐਡਵੋਕੇਟ ਰਜਿੰਦਰ ਸ਼ਰਮਾ, ਐਡਵੋਕੇਟ ਵਿਕਲਪ ਵਾਤਸ, ਐਡਵੋਕੇਟ ਪੁਨੀਤਿੰਦਰ ਸਿੰਘ, ਐਡਵੋਕੇਟ ਰਮਨ ਸੱਭਰਵਾਲ, ਐਡਵੋਕੇਟ ਪਵਨ ਬੱਧਣ, ਉਮੇਸ਼ ਕੁਮਾਰ ਨੇ ਵੀ ਵਿਚਾਰ ਰੱਖੇ | ਇਸ ਮੌਕੇ ਗੁਰੂ ਘਰ ਦੀ ਕਮੇਟੀ ਵੱਲੋਂ ਸੰਤ ਹਰਬੰਸ ਸਿੰਘ, ਸੰਤ ਗਿਰਧਾਰੀ ਲਾਲ, ਸੰਤ ਨਿਰੰਜਨ ਸਿੰਘ, ਬਾਬਾ ਦਿਆਲ ਬੰਗਾ, ਜਗਦੀਸ਼ ਦੀਸ਼ਾ, ਮਨਜੀਤ ਮੁੱਗੋਵਾਲ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਸਨਮਾਨ ਵੀ ਕੀਤਾ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।