ਹੁਸ਼ਿਆਰਪੁਰ, 21 ਜੁਲਾਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕੇ 'ਚ ਅੱਜ ਸਵੇਰ ਤੋਂ ਲਗਾਤਾਰ ਪਏ ਮੀਂਹ ਨੇ ਜਿੱਥੇ ਇਲਾਕੇ ਨੂੰ ਪੂਰੀ ਤਰ੍ਹਾਂ ਜਲ-ਥਲ ਕਰ ਦਿੱਤਾ, ਉੱਥੇ ਪਹਾੜਾਂ 'ਚ ਪਏ ਤੇਜ਼ ਮੀਂਹ ਦੇ ਚਲਦਿਆਂ ਸ਼ਹਿਰ ਦੇ ਭੰਗੀ ਚੋਅ 'ਚ ਭਾਰੀ ਪਾਣੀ ਆ ਗਿਆ, ਜਿਸ ਨੂੰ ਦੇਖਣ ਲਈ ਚੋਅ ਦੇ ਦੋਵੇਂ ਪਾਸੇ ਲੋਕਾਂ ਦਾ ਜਮਾਵੜਾ ਲੱਗਾ ਰਿਹਾ | ਦੂਸਰੇ ਪਾਸੇ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਦੇ ਕਈ ਮੁਹੱਲਿਆਂ 'ਚ ਲੋਕਾਂ ਦੇ ਘਰਾਂ 'ਚ ਵੀ ਪਾਣੀ ਵੜ ਗਿਆ, ਜਿਸ ਨੂੰ ਬਾਹਰ ਕੱਢਣ ਲਈ ਲੋਕਾਂ ਨੂੰ ਭਾਰੀ ਮੁਸ਼ੱਕਤ ਝੱਲਣੀ ਪਈ | ਮੀਂਹ ਦੇ ਚਲਦਿਆਂ ਕੰਮਾਂ 'ਤੇ ਆਉਣ ਵਾਲੇ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਭੰਗੀ ਚੋਅ 'ਚ ਆਏ ਭਾਰੀ ਪਾਣੀ ਦੇ ਤੇਜ਼ ਵਹਾਅ 'ਚ ਜਦੋਂ ਇਕ ਟਰੱਕ ਡਰਾਈਵਰ ਵਲੋਂ ਟਰੱਕ ਨੂੰ ਲੰਘਾਉਣ ਦੀ ਕੋਸ਼ਿਸ਼ ਕੀਤੀ ਤਾਂ ਪਾਣੀ ਦਾ ਵਹਾਅ ਟਰੱਕ ਨੂੰ ਰੈਂਪ ਤੋਂ ਹੇਠਾਂ ਵੱਲ ਨੂੰ ਧਕੇਲਦਾ ਹੋਇਆ ਲੈ ਗਿਆ | ਖ਼ੁਸ਼ਕਿਸਮਤੀ ਨਾਲ ਪਾਣੀ ਦਾ ਵਹਾਅ ਘੱਟ ਜਾਣ ਕਾਰਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਟਰੱਕ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ
ਭੰਗੀ ਚੋਅ 'ਚ ਆਏ ਪਾਣੀ ਦੇ ਤੇਜ਼ ਵਹਾਅ 'ਚ ਰੁੜਿ੍ਹਆ ਟਰੱਕ <br/>
ਅਜੀਤ ਡੈਸਕ
22-07-2025