ਹੁਸ਼ਿਆਰਪੁਰ, 19 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਪਿੰਡ ਘੁੱਕਰਵਾਲ ਵਿੱਚ ਪੀਣ ਵਾਲੇ ਪਾਣੀ ਦੀ ਸੁਵਿਧਾ ਲਈ ਟਿਊਬਵੈਲ ਲਗਾਉਣ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਵਾਈ | ਇਸ ਪ੍ਰੋਜੈਕਟ ਉੱਤੇ 8.50 ਲੱਖ ਰੁਪਏ ਦੀ ਲਾਗਤ ਆਏਗੀ | ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜੇ ਲੋੜ ਪਈ ਤਾਂ ਹੋਰ ਵੀ ਰਕਮ ਉਪਲਬਧ ਕਰਵਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਤਕਲੀਫ਼ ਤੋਂ ਛੁਟਕਾਰਾ ਮਿਲ ਸਕੇ | ਉਨ੍ਹਾਂ ਕਿਹਾ ਕਿ ਸਾਫ਼ ਤੇ ਪੀਣਯੋਗ ਪਾਣੀ ਹਰੇਕ ਨਾਗਰਿਕ ਦਾ ਮੂਲ ਅਧਿਕਾਰ ਹੈ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਕਿ ਪਿੰਡਾਂ ਅਤੇ ਦੂਰ-ਦਰਾਜ਼ ਖੇਤਰਾਂ ਦੇ ਲੋਕਾਂ ਤੱਕ ਵੀ ਬੁਨਿਆਦੀ ਸੁਵਿਧਾਵਾਂ ਪਹੁੰਚਣ | ਉਨ੍ਹਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦੀ ਜਾਣਕਾਰੀ ਵੀ ਦਿੱਤੀ ਅਤੇ ਕਿਹਾ ਕਿ ਹਰ ਪਿੰਡ ਨੂੰ ਬੁਨਿਆਦੀ ਢਾਂਚੇ ਦੇ ਪੱਖੋਂ ਮਜ਼ਬੂਤ ਕੀਤਾ ਜਾਵੇਗਾ | ਪਿੰਡ ਦੀ ਸਰਪੰਚ ਤਰਸੇਮ ਕੌਰ ਨੇ ਪਿੰਡ ਵਾਸੀਆਂ ਵਲੋਂ ਲੋਕ ਸਭਾ ਮੈਂਬਰ ਡਾ. ਚੱਬੇਵਾਲ ਦਾ ਧੰਨਵਾਦ ਕੀਤਾ | ਇਸ ਮੌਕੇ ਰਤਨ ਚੰਦ, ਪੰਚ ਗੁਰਜੀਤ ਸਿੰਘ, ਪੰਚ ਸਤਿੰਦਰ ਕੌਰ, ਪੰਚ ਅਜੀਤ ਕੌਰ, ਪੰਚ ਗੁਰਪ੍ਰੀਤ ਕੌਰ, ਰਾਕੇਸ਼ ਚੰਦਰ, ਸਿਮਰਨਜੀਤ ਸਿੰਘ, ਜਤਿੰਦਰ ਸਿੰਘ, ਪਰਸੋਵਾਲ ਤੋਂ ਮਦਨ ਲਾਲ ਅਤੇ ਨਸਰਾਂ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਸਮੇਤ ਕਈ ਮੋਹਤਬਰ ਵਿਅਕਤੀ ਮੌਜੂਦ ਸਨ |