ਐਮਾਂ ਮਾਂਗਟ, 17 ਜੁਲਾਈ (ਗੁਰਾਇਆ)- ਸਿੱਖ ਸਦਭਾਵਨਾ ਦਲ ਦੇ ਪੰਜਾਬ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਬੇਅਬਦੀਆਂ ਦੇ ਮਾਮਲਿਆਂ ਨੂੰ ਸਖ਼ਤੀ ਨਾਲ ਨਜਿੱਠਣ ਲਈ ਲਿਆਂਦਾ ਕਾਨੰੂਨ ਚੰਗੀ ਪਹਿਲਕਦਮੀ ਹੈ, ਪਰ ਇਸ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨਾ ਵੱਡੀ ਜ਼ਿੰਮੇਵਾਰੀ ਹੈ, ਜਿਹੜੀ ਹਰ ਸਰਕਾਰ ਨੂੰ ਨਿਭਾਉਣੀ ਪਵੇਗੀ | ਜਥੇਦਾਰ ਮੁਲਤਾਨੀ ਨੇ ਕਿਹਾ ਕਿ ਪੁਲਿਸ ਤੇ ਪ੍ਰਸ਼ਾਸਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਹ ਕਹਿ ਕੇ ਛੱਡ ਦਿੰਦਾ ਹੈ ਕਿ ਉਹ ਮਾਨਸਿਕ ਰੋਗੀ ਹਨ, ਪਰ ਅਜਿਹੇ ਮਾਨਸਿਕ ਰੋਗੀ ਕੇਵਲ ਗੁਰਦੁਆਰਿਆਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੀ ਕਿਉਂ ਕਰਦੇ ਹਨ? | ਉਨ੍ਹਾਂ ਭਗਵੰਤ ਮਾਨ ਸਰਕਾਰ ਦੀ ਨੀਅਤ 'ਤੇ ਸਵਾਲ ਖੜ੍ਹੇ ਕਰਦਿਆਂ ਆਖਿਆ ਕਿ 'ਸਿੱਖ ਸਦਭਾਵਨਾ ਦਲ' ਦੇ ਕੌਮਾਂਤਰੀ ਪੱਧਰ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ ਪਿਛਲੇ ਕਰੀਬ 5 ਸਾਲ ਤੋਂ ਲਾਪਤਾ 328 ਸਰੂਪਾਂ ਅਤੇ ਬੇਅਦਬੀਆਂ ਦੇ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ, ਪਰ ਹਾਲੇ ਤੱਕ ਸਰਕਾਰ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ |