ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)- ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ.) ਦੀ ਡਿਗਦੀ ਸਥਿਤੀ, ਦੇਰੀ ਨਾਲ ਚੱਲ ਰਹੀਆਂ ਸਵਦੇਸ਼ੀ 4ਜੀ/5ਜੀ ਪ੍ਰੋਜੈਕਟਾਂ ਅਤੇ ਕਰਮਚਾਰੀਆਂ ਦੇ ਲੰਮੇ ਸਮੇਂ ਤੋਂ ਲਟਕ ਰਹੇ ਐਚ.ਆਰ. ਮੁੱਦਿਆਂ ਦੇ ਹੱਲ ਲਈ ਭਾਰਤੀ ਦੂਰਸੰਚਾਰ ਮੰਚ (ਬੀ.ਡੀ.ਐਮ.) ਵਲੋਂ ਲੋਕ ਸਭਾ ਮੈਂਬਰ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ ਰਾਹੀਂ ਮੰਚ ਨੇ ਬੀ.ਐਸ.ਐਨ.ਐਲ. ਦੀ ਪੂਨਰਜੀਵਨ ਯੋਜਨਾ, ਰਾਸ਼ਟਰੀ ਪ੍ਰੋਜੈਕਟਾਂ ਦੀ ਕਾਮਯਾਬੀ ਅਤੇ ਕਰਮਚਾਰੀਆਂ ਦੇ ਹੱਕਾਂ ਲਈ ਸਰਕਾਰੀ ਦਖ਼ਲ ਦੀ ਮੰਗ ਕੀਤੀ | ਇਸ ਮੌਕੇ ਮੰਚ ਦੇ ਆਗੂਆਂ ਨੇ ਕਿਹਾ ਕਿ ਕਿ ਬੀ.ਐਸ.ਐਨ.ਐਲ. ਦੀ ਮੈਨੇਜਮੈਂਟ ਦੀ ਨਾਕਾਮੀ, ਫਾਈਬਰ ਨੈੱਟਵਰਕ ਦੀ ਘਾਟ ਅਤੇ ਲਗਾਤਾਰ ਨੈੱਟਵਰਕ ਖ਼ਰਾਬੀ ਕਾਰਨ, ਨਾ ਸਿਰਫ਼ ਗਾਹਕ ਨਾਰਾਜ਼ ਹੋ ਰਹੇ ਹਨ, ਸਗੋਂ ਕੰਪਨੀ ਨੂੰ ਵੱਡਾ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ 380 ਤੋਂ ਵੱਧ ਬੀ.ਐਸ.ਐਨ.ਐਲ. ਕਰਮਚਾਰੀ ਕੋਵਿਡ-19 'ਚ ਡਿਊਟੀ ਦੌਰਾਨ ਜਾਨ ਗੁਆ ਬੈਠੇ, ਪਰ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਵੀ ਸਮਾਜਿਕ ਸੁਰੱਖਿਆ ਨਹੀਂ ਮਿਲੀ | ਉਨ੍ਹਾਂ ਮੰਗ ਕੀਤੀ ਕਿ ਕਰਮਚਾਰੀਆਂ ਦੀਆਂ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ |