ਤਲਵਾੜਾ, 16 ਜੁਲਾਈ (ਐਚ.ਐਸ. ਮਿੱਠੂ)- ਸਥਾਨਕ ਸਰਕਾਰੀ ਸਕੂਲ 'ਚ ਇਕ ਅਧਿਆਪਕਾ ਵਲੋਂ ਸਕੂਲ ਮੁਖੀ ਨੂੰ ਥੱਪੜ ਮਾਰਨ ਅਤੇ ਇਕ ਹੋਰ ਅਧਿਆਪਕਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਸ ਸਬੰਧੀ ਪੁਲਿਸ ਨੇ ਕਾਰਵਾਈ ਕਰਦਿਆਂ ਕਥਿਤ ਹਮਲਾਵਰ ਅਧਿਆਪਕਾ ਵਿਰੁੱਧ 107/151 ਦਾ ਮਾਮਲਾ ਦਰਜ ਕੀਤਾ ਹੈ | ਜ਼ਿਕਰਯੋਗ ਹੈ ਕਿ ਹੱਥੋਪਾਈ ਦੀ ਵੀਡੀਓ ਸਕੂਲ 'ਚ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ | ਸਕੂਲ ਮੁਖੀ ਨਿਰਮਲ ਚੰਦ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਐਸ.ਐਮ.ਸੀ ਕਮੇਟੀ ਦੀ ਚੋਣ ਲਈ ਪਹਿਲਾਂ ਕਮੇਟੀ ਗਠਿਤ ਕਰਨ ਉਪਰੰਤ ਨਿਰਪੱਖਤਾ ਨਾਲ ਐਸ.ਐਮ.ਸੀ ਕਮੇਟੀ ਦੀ ਚੋਣ ਕੀਤੀ ਗਈ ਹੈ | ਐਸ.ਐਮ.ਸੀ. ਕਮੇਟੀ 'ਚ 12 ਮੈਂਬਰ ਵਿਦਿਆਰਥੀਆਂ ਦੇ ਮਾਪਿਆਂ ਵਜੋਂ ਨਾਮਜ਼ਦ ਕੀਤੇ ਗਏ, ਦੋ ਮੈਂਬਰ ਸਰਕਾਰ ਵਲੋਂ ਸੁਝਾਏ ਨਾਵਾਂ ਤਹਿਤ ਚੁਣੇ ਗਏ ਹਨ | ਦੋ ਮੈਂਬਰ ਸਕੂਲ ਅਧਿਆਪਕਾਂ ਵਿਚੋਂ ਲਏ ਗਏ ਹਨ | ਇਸ ਗਠਨ ਤੋਂ ਅਸੰਤੁਸ਼ਟ ਸਕੂਲ ਦੀ ਈ.ਟੀ.ਟੀ. ਅਧਿਆਪਕਾ ਅੰਜੂ ਬਾਲਾ ਨੇ ਹਾਜ਼ਰੀ ਲਾਉਣ ਵੇਲੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਹੱਥੋਪਾਈ ਕੀਤੀ | ਇਸ ਸਾਰੀ ਘਟਨਾ ਦੀ ਸੂਚਨਾ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ.) ਲਲਿਤਾ ਅਰੋੜਾ ਨੇ ਕਿਹਾ ਕਿ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ ਗਿਆ ਹੈ ਅਤੇ ਜਾਂਚ ਲਈ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ | ਕਮੇਟੀ ਦੀ ਰਿਪੋਰਟ ਆਉਣ ਉਪਰੰਤ ਮੁਲਜ਼ਮ ਅਧਿਆਪਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ |