ਜੰਮੂ, 2 ਦਸੰਬਰ (ਪੀ. ਟੀ. ਆਈ.)-ਸੀ. ਬੀ. ਆਈ. ਨੂੰ ਵੱਡਾ ਝਟਕਾ ਦਿੰਦੇ ਹੋਏ, ਇਕ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਸ਼ਫਤ ਅਹਿਮਦ ਸ਼ਾਂਗਲੂ ਨੂੰ ਰਿਹਾਅ ਕਰ ਦਿੱਤਾ, ਜਿਸ ਨੂੰ ਏਜੰਸੀ ਨੇ 1989 'ਚ ਰੁਬਈਆ ਸਈਦ ਦੇ ਅਗਵਾ ਦੇ ਸੰਬੰਧ 'ਚ ਇਕ ਦਿਨ ਪਹਿਲਾਂ ਗਿ੍ਫ਼ਤਾਰ ਕੀਤਾ ਸੀ | ਰੁਬਈਆ ਸਈਦ ਉਸ ਸਮੇਂ ਦੇ ਗ੍ਰਹਿ ਮੰਤਰੀ ਮੁਫੀ ਮੁਹੰਮਦ ਸਈਦ ਦੀ ਧੀ ਸੀ | ਅਦਾਲਤ ਨੇ 8 ਦਸੰਬਰ, 1989 ਨੂੰ ਹੋਏ ਅਗਵਾ ਦੇ ਸੰਬੰਧ 'ਚ ਪੁੱਛਗਿੱਛ ਲਈ ਸ਼ਾਂਗਲੂ ਨੂੰ ਸੀ. ਬੀ. ਆਈ. ਦੀ ਹਿਰਾਸਤ 'ਚ ਭੇਜਣ ਤੋਂ ਇਨਕਾਰ ਕਰ ਦਿੱਤਾ ਤੇ ਇਹ ਮਾਮਲਾ ਪੰਜ ਦਿਨਾਂ ਬਾਅਦ ਅਧਿਕਾਰੀਆਂ ਵਲੋਂ ਪੰਜ ਖਤਰਨਾਕ ਜੇ ਕੇ. ਐੱਲ ਐੱਫ ਅੱਤਵਾਦੀਆਂ ਨੂੰ ਰਿਹਾਅ ਕਰਨ ਨਾਲ ਖਤਮ ਹੋ ਗਿਆ | ਸੀ. ਬੀ. ਆਈ. ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਏਜੰਸੀ ਦੁਆਰਾ ਦਾਇਰ ਦੋਸ਼ ਪੱਤਰ 'ਚ ਉਸਦਾ ਜ਼ਿਕਰ ਨਹੀਂ ਹੈ | ਏਜੰਸੀ ਨੇ ਜੰਮੂ ਦੀ ਇਕ ਟਾਡਾ ਅਦਾਲਤ ਤੋਂ 35 ਸਾਲ ਪੁਰਾਣੇ ਮਾਮਲੇ 'ਚ ਗਿ੍ਫ਼ਤਾਰ ਸ਼ਾਂਗਲੂ ਦੀ ਹਿਰਾਸਤ ਦੀ ਮੰਗ ਕੀਤੀ ਸੀ, ਇਹ ਦਾਅਵਾ ਕਰਦੇ ਹੋਏ ਕਿ ਉਹ ਏਨੇ ਸਾਲਾਂ ਤੋਂ ਭਗÏੜਾ ਸੀ | ਸੀ. ਬੀ. ਆਈ. ਅਨੁਸਾਰ, ਸ਼ਾਂਗਲੂ ਨੂੰ ਸੋਮਵਾਰ ਨੂੰ ਪਾਬੰਦੀਸ਼ੁਦਾ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਮੈਂਬਰਾਂ ਵਲੋਂ ਰੁਬਈਆ ਨੂੰ ਅਗਵਾ ਕਰਨ ਦੀ ਸਾਜਿਸ਼ ਦਾ ਹਿੱਸਾ ਹੋਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਸੀ | ਉਸਦੇ ਸਿਰ 'ਤੇ 10 ਲੱਖ ਰੁਪਏ ਦਾ ਇਨਾਮ ਸੀ | ਸ਼ਾਂਗਲੂ 'ਤੇ ਜੇ. ਕੇ. ਐੱਲ. ਐੱਫ. ਮੁਖੀ ਯਾਸੀਨ ਮਲਿਕ ਦਾ ਕਰੀਬੀ ਹੋਣ ਦਾ ਦੋਸ਼ ਹੈ |
ਰੁਬਈਆ ਸਈਦ ਅਗਵਾ ਮਾਮਲਾ<br> ਅਦਾਲਤ ਨੇ ਸ਼ਾਂਗਲੂ ਨੂੰ ਕੀਤਾ ਰਿਹਾਅ ਸੀ.ਬੀ.ਆਈ. ਹਿਰਾਸਤ ਦੀ ਅਰਜ਼ੀ ਰੱਦ
ਅਜੀਤ ਡੈਸਕ
03-12-2025