ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਦੀ ਚੋਣ ਲਈ ਪਾਰਟੀ ਮੈਂਬਰਾਂ ਨੂੰ ਦਿੱਤੇ ਅਧਿਕਾਰ
ਹਰਮਿੰਦਰ ਸਿੰਘ
ਅੰਮਿ੍ਤਸਰ, 2 ਨਵੰਬਰ-ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਪਲੇਠੀ ਬੈਠਕ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਅੰਮਿ੍ਤਸਰ 'ਚ ਹੋਈ, ਜਿਸ ਦੌਰਾਨ ਪਾਰਟੀ ਵਲੋਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਤੇ ਇਸ ਦੇ ਸਾਰੇ ਅਧਿਕਾਰ ਪਾਰਟੀ ਨਾਲ ਸੰਬੰਧਿਤ ਮੈਂਬਰਾਂ ਨੂੰ ਦਿੱਤੇ ਗਏ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਇਹ ਪਹਿਲੀ ਬੈਠਕ ਹੈ, ਜਿਸ ਨੂੰ ਪੂਰਨ ਮਰਿਆਦਾ ਅਨੁਸਾਰ ਜ਼ਮੀਨ 'ਤੇ ਬੈਠ ਕੇ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਾਰਟੀ ਦੀ ਸਮੂਹਿਕ ਲੀਡਰਸ਼ਿਪ ਦੀ ਭਾਵਨਾ ਹੈ ਕਿ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਤੇ ਚੁਣੀ ਜਾਣ ਵਾਲੀ ਅੰਤਿ੍ੰਗ ਕਮੇਟੀ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ, ਮਰਿਆਦਾ ਤੇ ਸਰਵਉੱਚਤਾ ਨੂੰ ਠੇਸ ਪਹੁੰਚਾਉਣ ਵਾਲੇ ਕਾਰਜਾਂ ਖ਼ਿਲਾਫ਼ ਜ਼ਰੂਰ ਆਵਾਜ਼ ਉਠਾਉਣ | ਉਨ੍ਹਾਂ ਕਿਹਾ ਕਿ ਮੌਜੂਦਾ ਸ਼ੋ੍ਰਮਣੀ ਕਮੇਟੀ ਦੀ ਮਿਆਦ ਪੂਰੀ ਹੋ ਗਈ ਹੈ ਤੇ ਇਹ ਇਸ ਵੇਲੇ ਕੇਂਦਰ ਸਰਕਾਰ ਦੇ ਰਹਿਮੋ ਕਰਮ 'ਤੇ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ 30 ਤੋਂ ਵਧੇਰੇ ਆਪਣੇ ਮੈਂਬਰ ਹਨ | ਇਸ ਤੋਂ ਇਲਾਵਾ ਦੂਸਰੇ ਧੜੇ ਦੇ ਵੀ ਕਈ ਮੈਂਬਰ ਉਨ੍ਹਾਂ ਦੇ ਸੰਪਰਕ 'ਚ ਹਨ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਨ ਦੌਰਾਨ ਆਪਣੇ ਜ਼ਮੀਰ ਦੀ ਆਵਾਜ਼ ਨੂੰ ਜ਼ਰੂਰ ਸੁਣਿਆ ਜਾਵੇ | ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਸਾਹਮਣੇ ਇਕ ਹੋਰ ਚੁਣੌਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਘੁੱਦਾ (ਬਠਿੰਡਾ) 'ਚ ਸੁਖਮਨੀ ਸਾਹਿਬ ਦੇ ਪਾਠ ਦੀ ਅਰਦਾਸ ਕਰਨ 'ਤੇ ਪ੍ਰਬੰਧਕਾਂ ਵਲੋਂ ਰੋਕ ਲਗਾਏ ਜਾਣਾ ਮੰਦਭਾਗਾ ਹੈ | ਪੰਜਾਬ ਗੁਰੂਆਂ ਦੀ ਧਰਤੀ ਹੈ ਜਿੱਥੇ ਪਾਠ ਵੀ ਹੋਣਗੇ, ਇਨ੍ਹਾਂ ਦੇ ਭੋਗ ਵੀ ਪਾਏ ਜਾਣਗੇ ਤੇ ਅਰਦਾਸ ਵੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਜੇਕਰ ਸੰਘਰਸ਼ ਦੀ ਲੋੜ ਪਈ ਤਾਂ ਉਨ੍ਹਾਂ ਦਾ ਅਕਾਲੀ ਦਲ ਤੇ ਸਮੁੱਚੀ ਲੀਡਰਸ਼ਿਪ ਇਸ ਤੋਂ ਪਿੱਛੇ ਨਹੀਂ ਹਟੇਗੀ | ਜੇਕਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਇਕ ਮੇਜ਼ 'ਤੇ ਬੈਠ ਕੇ ਗੱਲਬਾਤ ਕਰਨੀ ਪਈ ਉਹ ਉਸ ਲਈ ਵੀ ਤਿਆਰ ਹਨ | ਬੈਠਕ ਦੌਰਾਨ ਸਟੇਜ ਦੀ ਸੇਵਾ ਜਸਬੀਰ ਸਿੰਘ ਘੁੰਮਣ ਵਲੋਂ ਨਿਭਾਈ ਗਈ | ਇਸ ਮੌਕੇ ਸੁਰਜੀਤ ਸਿੰਘ ਰੱਖੜਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ, ਸੁਰਿੰਦਰ ਸਿੰਘ ਦੋਬਲੀਆ, ਰਘਬੀਰ ਸਿੰਘ ਰਾਜਾਸਾਂਸੀ, ਸੁੱਚਾ ਸਿੰਘ ਛੋਟੇਪੁਰ, ਹਰਜੀਤ ਕੌਰ ਤਲਵੰਡੀ, ਸਤਿੰਦਰ ਸਿੰਘ ਟੌਹੜਾ, ਮਿੱਠੂ ਸਿੰਘ ਕਾਹਨੇਕੇ, ਗਗਨਦੀਪ ਸਿੰਘ ਬਰਨਾਲਾ, ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਗੁਰਜੀਤ ਸਿੰਘ ਤਲਵੰਡੀ, ਅਜੈਪਾਲ ਸਿੰਘ ਮੀਰਾ ਕੋਟ, ਅਮਰੀਕ ਸਿੰਘ ਸ਼ਾਹਪੁਰ, ਭਾਈ ਮਨਜੀਤ ਸਿੰਘ, ਜਰਨੈਲ ਸਿੰਘ ਕਰਤਾਰਪੁਰ ਆਦਿ ਮੌਜੂਦ ਸਨ |
ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ
ਅਜੀਤ ਡੈਸਕ
03-11-2025