ਚੰਡੀਗੜ੍ਹ, 17 ਅਕਤੂਬਰ (ਸੰਦੀਪ ਕੁਮਾਰ ਮਾਹਨਾ)ਗਿ੍ਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਸ਼ੁੱਕਰਵਾਰ ਨੂੰ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਕੰਪਲੈਕਸ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਗਿਆ | ਸੀ.ਬੀ.ਆਈ. ਨੇ ਉਨ੍ਹਾਂ ਦਾ ਰਿਮਾਂਡ ਮੰਗਣ ਤੋਂ ਇਨਕਾਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ | ਜਿਸ ਦੇ ਚਲਦਿਆਂ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ | ਬੁੜੈਲ ਜੇਲ੍ਹ ਦੀ ਚਾਰਦੀਵਾਰੀ ਅੰਦਰ ਹੁਣ ਤਿੰਨ ਆਈ.ਪੀ.ਐਸ. ਅਧਿਕਾਰੀ ਹੋਣਗੇ | ਇਨ੍ਹਾਂ 'ਚ ਆਪਣੇ ਜਵਾਈ ਦੀ ਅਦਾਲਤ ਅੰਦਰ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ੀ ਮਾਲਵਿੰਦਰ ਸਿੰਘ ਸਿੱਧੂ, ਗੁਡੀਆ ਜਬਰ ਜਨਾਹ ਕੇਸ ਦੇ ਦੋਸ਼ੀ ਹਿਮਾਚਲ ਪ੍ਰਦੇਸ਼ ਦੇ ਆਈ.ਜੀ. ਜਹੂਰ ਜੈਦੀ ਅਤੇ ਹਰਚਰਨ ਸਿੰਘ ਭੁੱਲਰ ਵੀ ਸ਼ਾਮਿਲ ਹਨ | ਸੂਤਰਾਂ ਤੋਂ ਹਾਸਿਲ ਜਾਣਕਾਰੀ ਮੁਤਾਬਿਕ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਅੱਜ ਰਾਤ ਜੇਲ੍ਹ ਦੀ ਬੁੱਢਾ ਬੈਰਕ 'ਚ ਆਈ.ਜੀ ਜਹੂਰ ਜੈਦੀ ਨਾਲ ਰਹਿਣਗੇ | ਇਸ ਬੈਰਕ 'ਚ 50 ਤੋਂ ਵੱਧ ਉਮਰ ਦੇ ਕੈਦੀ ਰਹਿੰਦੇ ਹਨ | ਜਦੋਂ ਕਿ ਮਾਲਵਿੰਦਰ ਸਿੱਧੂ ਕਿਸੇ ਹੋਰ ਬੈਰਕ 'ਚ ਹਨ |