ਨਿਆਮੀ, 19 ਜੁਲਾਈ (ਪੀ. ਟੀ. ਆਈ.)-ਦੱਖਣ-ਪੱਛਮੀ ਨਾਈਜਰ 'ਚ ਇਕ ਅੱਤਵਾਦੀ ਹਮਲੇ ਦੌਰਾਨ ਦੋ ਭਾਰਤੀ ਮਾਰੇ ਗਏ ਅਤੇ ਇਕ ਨੂੰ ਅਗਵਾ ਕਰ ਲਿਆ ਗਿਆ | ਇਹ ਜਾਣਕਾਰੀ ਇਥੇ ਭਾਰਤੀ ਦੂਤਘਰ ਨੇ ਦਿੱਤੀ | ਦੂਤਘਰ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ 15 ਜੁਲਾਈ ਨੂੰ ਨਾਈਜਰ ਦੇ ਡੋਸੋ ਖੇਤਰ 'ਚ ਇਕ ਅੱਤਵਾਦੀ ਹਮਲੇ 'ਚ ਦੋ ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਅਤੇ ਇਕ ਨੂੰ ਅਗਵਾ ਕਰ ਲਿਆ ਗਿਆ | ਸਥਾਨਕ ਮੀਡੀਆ ਅਨੁਸਾਰ ਰਾਜਧਾਨੀ ਨਿਆਮੀ ਤੋਂ ਲਗਭਗ 130 ਕਿਲੋਮੀਟਰ ਦੂਰ ਡੋਸੋ 'ਚ ਇਕ ਉਸਾਰੀ ਵਾਲੀ ਥਾਂ ਦੀ ਰਾਖੀ ਕਰ ਰਹੀ ਫੌਜ ਦੀ ਇਕ ਟੁੱਕੜੀ 'ਤੇ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ | ਭਾਰਤੀ ਦੂਤਘਰ ਨੇ ਕਿਹਾ ਕਿ ਉਹ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਸਵਦੇਸ਼ ਭੇਜਣ ਲਈ ਸਥਾਨਕ ਅਧਿਕਾਰੀਆਂ ਨਾਲ ਮਿਲ ਦੇ ਕਾਰਵਾਈ ਕਰ ਰਿਹਾ ਹੈ | ਦੂਤਘਰ ਅਗਵਾ ਕੀਤੇ ਗਏ ਭਾਰਤੀ ਦੀ ਸੁਰੱਖਿਅਤ ਰਿਹਾਈ ਨੂੰ ਯਕੀਨੀ ਬਣਾਉਣ ਲਈ ਵੀ ਕੰਮ ਕਰ ਰਿਹਾ ਹੈ | ਦੂਤਘਰ ਨੇ ਪੱਛਮੀ ਅਫ਼ਰੀਕੀ ਦੇਸ਼ 'ਚ ਭਾਰਤੀਆਂ ਨੂੰ ਚੌਕਸ ਰਹਿਣ ਦੀ ਸਲਾਹ ਵੀ ਦਿੱਤੀ ਹੈ |
ਝਾਰਖੰਡ ਦੇ ਪ੍ਰਵਾਸੀ ਮਜ਼ਦੂਰ ਦੀ ਲਾਸ਼ ਜਲਦ ਘਰ ਪੁੱਜੇਗੀ-ਅਧਿਕਾਰੀ
ਰਾਂਚੀ, (ਏਜੰਸੀ)-ਨਾਈਜਰ 'ਚ ਅੱਤਵਾਦੀ ਹਮਲੇ 'ਚ ਮਾਰੇ ਗਏ ਇਕ ਪ੍ਰਵਾਸੀ ਮਜ਼ਦੂਰ ਦੀ ਪਛਾਣ ਬੋਕਾਰੋ ਜ਼ਿਲ੍ਹੇ ਦੇ ਕਰੀਪਾਨੀ ਪਿੰਡ ਦੇ ਵਸਨੀਕ ਗਣੇਸ਼ ਕਰਮਾਲੀ (39) ਵਜੋਂ ਹੋਈ ਹੈ | ਬੋਕਾਰੋ ਲੇਬਰ ਸੁਪਰਡੈਂਟ ਰੰਜੀ ਕੁਮਾਰ ਨੇ ਕਿਹਾ ਕਿ ਉਸ ਦੀ ਲਾਸ਼ ਲਿਆਉਣ ਦੀ ਪ੍ਰਕਿਰਿਆ ਰਾਜ ਪ੍ਰਵਾਸੀ ਕੰਟਰੋਲ ਰੂਮ ਰਾਹੀਂ ਸ਼ੁਰੂ ਕਰ ਦਿੱਤੀ ਗਈ ਹੈ | ਮਿ੍ਤਕ ਦਾ ਜੀਜਾ ਜੋ ਕਿ ਨਾਈਜਰ 'ਚ ਕੰਮ ਕਰਦਾ ਹੈ, ਨੇ ਕਿਹਾ ਕਿ ਕਰਮਾਲੀ ਦੀ ਲਾਸ਼ ਕੰਪਨੀ ਦੁਆਰਾ ਭਾਰਤੀ ਦੂਤਘਰ ਨੂੰ ਸੌਂਪ ਦਿੱਤੀ ਗਈ ਹੈ | ਕਰਮਾਲੀ ਉਥੇ ਟ੍ਰਾਂਸਰੇਲ ਲਾਈਟਿੰਗ ਲਿਮਟਿਡ ਨਾਂਅ ਦੀ ਇਕ ਇਲੈਕਟ੍ਰੀਕਲ ਕੰਪਨੀ ਵਿਚ ਕੰਮ ਕਰਦਾ ਸੀ |1
ਨਾਈਜਰ 'ਚ ਅੱਤਵਾਦੀਆਂ ਵਲੋਂ 2 ਭਾਰਤੀਆਂ ਦੀ ਹੱਤਿਆ-ਇਕ ਅਗਵਾ
ਅਜੀਤ ਡੈਸਕ
20-07-2025