26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸੰਯੁਕਤ ਕਿਸਾਨ ਮੋਰਚਾ ਵਲੋਂ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ

ਮੀਟਿੰਗ ਦੌਰਾਨ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਰਾਮਿੰਦਰ ਸਿੰਘ ਪਟਿਆਲਾ, ਡਾ. ਦਰਸ਼ਨ ਪਾਲ, ਬੂਟਾ ਸਿੰਘ ਬੁਰਜਗਿੱਲ | ਤਸਵੀਰ : ਗੁਰਿੰਦਰ ਸਿੰਘ<br/> 19-07-2025

ਚਾਰ ਮਤੇ ਕੀਤੇ ਪਾਸ, ਆਮ ਆਦਮੀ ਪਾਰਟੀ ਦੀ ਗ਼ੈਰ-ਹਾਜ਼ਰੀ ਰੜਕੀ
ਚੰਡੀਗੜ੍ਹ, 18 ਜੁਲਾਈ (ਅਜਾਇਬ ਸਿੰਘ ਔਜਲਾ)-ਕਿਸਾਨ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ ਬੁਲਾਈ ਗਈ | ਇਹ ਇਕੱਤਰਤਾ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂਆਂ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਡਾ. ਦਰਸ਼ਨ ਪਾਲ, ਬੂਟਾ ਸਿੰਘ ਬੁਰਜਗਿੱਲ ਅਤੇ ਰਾਮਿੰਦਰ ਸਿੰਘ ਪਟਿਆਲਾ ਆਧਾਰਿਤ ਪੰਜ ਮੈਂਬਰੀ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਹੋਈ | ਚਾਰ ਮੁੱਦਿਆਂ, ਜਿਨ੍ਹਾਂ ਵਿਚ ਲੈਂਡ ਪੂਲਿੰਗ ਨੀਤੀ, ਮੁਕਤ ਵਪਾਰ ਸਮਝੌਤੇ, ਪਾਣੀ ਦਾ ਸੰਕਟ ਤੇ ਵੰਡ ਅਤੇ ਸਹਿਕਾਰਤਾ ਲਹਿਰ ਆਦਿ ਉਪਰ ਬੁਲਾਈ ਸਰਬ ਪਾਰਟੀ ਮੀਟਿੰਗ 'ਚ ਪੰਜਾਬ ਦੀਆਂ 10 ਸਿਆਸੀ ਪਾਰਟੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸੱਦਾ ਭੇਜੇ ਜਾਣ ਦੇ ਬਾਵਜੂਦ ਪਾਰਟੀ ਮੀਟਿੰਗ 'ਚੋਂ ਗੈਰ-ਹਾਜ਼ਰ ਰਹੀ | ਇਕੱਤਰਤਾ 'ਚ ਭਾਰਤੀ ਜਨਤਾ ਪਾਰਟੀ ਦੇ ਆਗੂ ਕੇਵਲ ਸਿੰਘ ਢਿੱਲੋਂ, ਸੁਭਾਸ਼ ਸ਼ਰਮਾ, ਕਾਂਗਰਸ ਵਲੋਂ ਰਣਦੀਪ ਸਿੰਘ ਨਾਭਾ, ਹੈਪੀ ਖੇੜਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੁਖਦੀਪ ਸਿੰਘ ਸੁਕਾਰ, ਦਿਨੇਸ਼ ਕੁਮਾਰ, ਬਸਪਾ ਦੇ ਅਵਤਾਰ ਸਿੰਘ ਕਰੀਮਪੁਰੀ, ਅਜੀਤ ਸਿੰਘ ਭੈਣੀ, ਪੰਜ ਮੈਂਬਰੀ ਭਰਤੀ ਕਮੇਟੀ ਦੇ ਇਕਬਾਲ ਸਿੰਘ ਝੂੰਦਾਂ, ਗੁਰਪ੍ਰਤਾਪ ਸਿੰਘ ਵਡਾਲਾ, ਖੱਬੀਆਂ ਪਾਰਟੀਆਂ ਦੇ ਕਾਮਰੇਡ ਸੁਖਵਿੰਦਰ ਸੇਖੋਂ, ਬੰਤ ਸਿੰਘ ਬਰਾੜ, ਦਰਸ਼ਨ ਖਟਕੜ, ਪ੍ਰਗਟ ਸਿੰਘ ਜਾਮਾਰਾਏ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਸ਼ਾਮਿਲ ਹੋ ਕੇ ਚਾਰਾਂ ਮੁੱਦਿਆਂ 'ਤੇ ਆਪੋਂ-ਆਪਣੀ ਪਾਰਟੀ ਦਾ ਸਟੈਂਡ ਸਪਸ਼ਟ ਕੀਤਾ | ਇਨ੍ਹਾਂ ਆਗੂਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਉਠਾਏ ਗਏ ਮੁੱਦੇ 'ਤੇ ਡਟ ਕੇ ਹਮਾਇਤ ਦੇਣ ਦਾ ਭਰੋਸਾ ਪ੍ਰਗਟਾਇਆ | ਮੀਟਿੰਗ ਵਿਚ ਸਰਬ ਸੰਮਤੀ ਨਾਲ ਚਾਰ ਮਤੇ ਪਾਸ ਕੀਤੇ ਗਏ | ਪਹਿਲਾ ਮਤਾ ਪੰਜਾਬ ਸਰਕਾਰ ਵਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਦਾ ਨੋਟੀਫ਼ਿਕੇਸ਼ਨ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ | ਇਸ ਸਕੀਮ ਨੂੰ ਪਿੰਡ ਅਤੇ ਪੰਜਾਬ ਵਿਰੋਧੀ ਰੀਅਲ ਅਸਟੇਟ ਕੰਪਨੀਆਂ ਦੇ ਹੱਕ ਵਿਚ ਲੋਕ ਵਿਰੋਧੀ ਸਕੀਮ ਕਿਹਾ ਗਿਆ | ਦੂਜੇ ਮਤੇ 'ਤੇ ਵੱਖ-ਵੱਖ ਮੁਲਕਾਂ ਖ਼ਾਸ ਕਰਕੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ 'ਚੋਂ ਖੇਤੀ ਤੇ ਸਹਾਇਕ ਧੰਦਿਆਂ ਨੂੰ ਬਾਹਰ ਰੱਖੇ ਜਾਣ ਦਾ ਮਤਾ ਪਾਸ ਕੀਤਾ ਗਿਆ | ਇਸੇ ਇਕੱਤਰਤਾ 'ਚ ਪੰਜਾਬ ਦੇ ਪਾਣੀ ਦੇ ਸੰਕਟ 'ਤੇ ਮੀਟਿੰਗ ਵਿਚ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ | ਇਹ ਸਰਬ ਸੰਮਤੀ ਸੀ ਕਿ ਪਾਣੀਆਂ ਦੇ ਸਮਝੌਤੇ ਬਹੁਤ ਪੁਰਾਣੇ ਹੋ ਚੁੱਕੇ ਹਨ | ਉਦੋਂ ਤੋਂ ਲੈ ਕੇ ਹੁਣ ਤੱਕ ਦਰਿਆਵਾਂ ਵਿਚ ਪਾਣੀ ਦਾ ਵਹਿਣ ਤੇ ਹੋਰ ਬਹੁਤ ਸਾਰੀਆਂ ਤਬਦੀਲੀਆਂ ਹੋ ਚੁੱਕੀਆਂ ਹਨ | ਮਤਾ ਪਾਸ ਕੀਤਾ ਗਿਆ ਕਿ ਪੰਜਾਬ 'ਚ ਜ਼ਮੀਨ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਲਈ ਨੀਤੀ ਬਣਾਈ ਜਾਵੇ | ਪੰਜਾਬ ਵਿਧਾਨ ਸਭਾ ਪਾਣੀ 'ਤੇ ਵੇਲਾ ਵਿਹਾਅ ਚੁੱਕੇ ਪੰਜਾਬ ਵਿਰੋਧੀ ਸਾਰੇ ਸਮਝੌਤੇ ਰੱਦ ਕਰੇ, ਪੰਜਾਬ ਪੁਨਰਗਠਨ ਐਕਟ ਦੀ ਧਾਰਾ 78, 79, 80 ਅਤੇ ਡੈਮ ਸੇਫ਼ਟੀ ਐਕਟ ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਸੰਸਦ ਨੂੰ ਭੇਜਣ ਦਾ ਪ੍ਰਬੰਧ ਕਰੇ | ਚੌਥੇ ਮਤੇ 'ਚ ਪੰਜਾਬ ਦੀ ਖੇਤੀ ਨੀਤੀ ਕਿਸਾਨ ਜਥੇਬੰਦੀਆਂ ਦੇ ਸੁਝਾਅ ਲੈ ਕੇ ਲਾਗੂ ਕਰਨ ਦੀ ਮੰਗ ਕੀਤੀ ਗਈ | ਇਕੱਤਰਤਾ 'ਚ ਕਿਸਾਨ ਆਗੂਆਂ ਹਰਮੀਤ ਸਿੰਘ ਕਾਦੀਆਂ, ਜੰਗਵੀਰ ਸਿੰਘ ਚੌਹਾਨ, ਡਾ. ਸਤਨਾਮ ਸਿੰਘ ਅਜਨਾਲਾ, ਬਲਕਰਨ ਬਰਾੜ, ਰੁਲਦੂ ਸਿੰਘ ਮਾਨਸਾ, ਪ੍ਰੇਮ ਸਿੰਘ ਭੰਗੂ, ਨਛੱਤਰ ਸਿੰਘ ਜੈਤੋ ਅਤੇ ਬੂਟਾ ਸਿੰਘ ਸ਼ਾਦੀਪੁਰ ਆਦਿ ਨੇ ਸਿਆਸੀ ਧਿਰਾਂ ਦੇ ਆਗੂਆਂ ਨੂੰ ਸਵਾਲ ਵੀ ਕੀਤੇ ਗਏ | ਇਸ ਮੌਕੇ ਕਿਸਾਨ ਆਗੂ ਜਤਿੰਦਰ ਸਿੰਘ ਖੋਖਲ, ਜਤਿੰਦਰ ਕੌਰ ਸਰਾਂ ਤੇ ਹੋਰ ਵੱਖ-ਵੱਖ ਥਾਵਾਂ ਤੋਂ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ | ਇਸੇ ਦੌਰਾਨ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਰਾਮਿੰਦਰ ਸਿੰਘ ਪਟਿਆਲਾ, ਬੂਟਾ ਸਿੰਘ ਬੁਰਜਗਿੱਲ ਨੇ ਸਾਂਝੇ ਤੌਰ 'ਤੇ ਇਹ ਵੀ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਚਾਰਾਂ ਮੁੱਦਿਆਂ 'ਤੇ ਭਵਿੱਖ 'ਚ ਕੀਤੇ ਜਾਣ ਵਾਲੇ ਆਜ਼ਾਦਾਨਾ ਸੰਘਰਸ਼ ਦੀ ਰੂਪਰੇਖਾ ਵੀ ਸਿਆਸੀ ਪਾਰਟੀਆਂ ਸਾਹਮਣੇ ਰੱਖਦਿਆਂ ਸਪਸ਼ਟ ਕੀਤਾ ਕਿ ਐਸ.ਕੇ.ਐਮ. ਸੰਘਰਸ਼ ਦੀ ਆਪਣੀ ਆਜ਼ਾਦਾਨਾ ਨੀਤੀ 'ਤੇ ਪਹਿਰਾ ਦੇਵੇਗਾ |

ਪਿਛਲੀ ਖ਼ਬਰ ਸ਼ੋ੍ਰਮਣੀ ਕਮੇਟੀ ਨੂੰ ਮੁੜ ਮਿਲੀ ਧਮਕੀ ਵਾਲੀ ਈ-ਮੇਲ ਅਗਲੀ ਖ਼ਬਰ ਜਲੰਧਰ ਵਿਚ ਸਭ ਤੋਂ ਪੁਰਾਣਾ ਹੈ ਜਸਵੰਤ ਪੇਟ ਦੇ ਰੋਗਾਂ ਦਾ ਹਸਪਤਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।