ਬੁਲਾਰੇ ਨੇ 'ਹਕਾਲ ਮੀਡੀਆ ਸੈੱਲ' ਰਾਹੀਂ ਸਾਂਝੀ ਕੀਤੀ ਜਾਣਕਾਰੀ
ਸੁਰਿੰਦਰ ਕੋਛੜ
ਅੰਮਿ੍ਤਸਰ, 17 ਜੁਲਾਈ-ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਦੇ ਹਥਿਆਰਬੰਦ ਵਿਦ੍ਰੋਹੀਆਂ ਨੇ ਬਲੋਚਿਸਤਾਨ ਸੂਬੇ ਦੇ ਕਲਾਤ ਅਤੇ ਕੋਇਟਾ ਸ਼ਹਿਰਾਂ 'ਚ ਦੋ ਵੱਖ-ਵੱਖ ਕਾਰਵਾਈਆਂ ਵਿਚ ਪਾਕਿਸਤਾਨੀ ਫ਼ੌਜ ਨੂੰ ਨਿਸ਼ਾਨਾ ਬਣਾਇਆ ਹੈ | ਬੁਲਾਰੇ ਜੀਯੰਦ ਬਲੋਚ ਨੇ ਸਮੂਹ ਦੇ ਅਧਿਕਾਰਤ 'ਹਕਾਲ ਮੀਡੀਆ ਸੈੱਲ' ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਕਲਾਤ 'ਚ ਇਕ ਖ਼ੁਫ਼ੀਆ ਆਧਾਰਿਤ ਆਪ੍ਰੇਸ਼ਨ ਦੌਰਾਨ ਫ਼ੌਜ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ, ਜਦੋਂ ਕਿ ਕੋਇਟਾ 'ਚ ਆਈ. ਈ. ਡੀ. ਹਮਲੇ ਵਿਚ ਫ਼ੌਜ ਨੂੰ ਨਿਸ਼ਾਨਾ ਬਣਾਇਆ ਗਿਆ | ਜੀਯੰਦ ਬਲੋਚ ਮੁਤਾਬਿਕ ਬੀ. ਐੱਲ. ਏ. ਦੀ ਵਿਸ਼ੇਸ਼ ਇਕਾਈ ਫ਼ਤਿਹ ਸਕੂਐਡ ਨੇ ਕਲਾਤ ਦੇ ਨਿਮਰਾਗ ਕਰਾਸ 'ਤੇ ਪਾਕਿਸਤਾਨੀ ਫ਼ੌਜ ਦੇ ਕਰਮੀਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਹਥਿਆਰਬੰਦ ਹਮਲੇ 'ਚ ਨਿਸ਼ਾਨਾ ਬਣਾਇਆ | ਇਸ ਹਮਲੇ 'ਚ 27 ਫ਼ੌਜੀ ਮੌਕੇ 'ਤੇ ਹੀ ਮਾਰੇ ਗਏ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ | ਇਸ ਦੌਰਾਨ ਬਲੋਚ ਲਿਬਰੇਸ਼ਨ ਆਰਮੀ ਦੇ ਲੜਾਕਿਆਂ ਨੇ ਕੋਇਟਾ ਦੇ ਹਜ਼ਾਰ ਗੰਜੀ ਖੇਤਰ 'ਚ ਰਿਮੋਟ-ਕੰਟਰੋਲ ਆਈ. ਈ. ਡੀ. ਹਮਲੇ ਵਿਚ ਇਕ ਪਾਕਿਸਤਾਨੀ ਫ਼ੌਜ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਦੋ ਫ਼ੌਜੀ ਮੌਕੇ 'ਤੇ ਹੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ | ਉੱਧਰ, ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਕਿਹਾ ਕਿ ਬੀ. ਐੱਲ. ਏ. ਦੇ ਹਮਲਿਆਂ 'ਚ ਪਾਕਿਸਤਾਨੀ ਫ਼ੌਜ ਦਾ ਇਕ ਮੇਜਰ ਵੀ ਮਾਰਿਆ ਗਿਆ | ਇਸ ਦੇ ਨਾਲ ਹੀ ਬਲੋਚਿਸਤਾਨ ਦੇ ਅਵਾਰਨ ਜ਼ਿਲ੍ਹੇ 'ਚ ਫ਼ੌਜ ਦੇ ਇਕ ਖ਼ੁਫ਼ੀਆ ਆਧਾਰਿਤ ਆਪ੍ਰੇਸ਼ਨ ਦੌਰਾਨ 3 ਅੱਤਵਾਦੀ ਵੀ ਮਾਰੇ ਗਏ | ਮਾਰੇ ਗਏ ਮੇਜਰ ਦੀ ਸਈਦ ਰਬ ਨਵਾਜ਼ ਤਾਰਿਕ (34 ਸਾਲ, ਨਿਵਾਸੀ ਜ਼ਿਲ੍ਹਾ ਮੁਜ਼ਫ਼ਰਾਬਾਦ) ਵਜੋਂ ਪਛਾਣ ਹੋਈ ਹੈ |
ਬਲੋਚ ਲਿਬਰੇਸ਼ਨ ਆਰਮੀ ਦੇ ਹਮਲਿਆਂ 'ਚ 29 ਪਾਕਿ ਫ਼ੌਜੀਆਂ ਦੇ ਮਾਰੇ ਜਾਣ ਦਾ ਦਾਅਵਾ <br/>
ਅਜੀਤ ਡੈਸਕ
18-07-2025