ਤੁਮਾਕੁਰੂ (ਕਰਨਾਟਕਾ), 16 ਜੁਲਾਈ (ਯੂ. ਐਨ. ਆਈ.)-ਬੀਤੇ ਦਿਨੀਂ ਉੱਤਰ ਕੰਨੜ ਜ਼ਿਲ੍ਹੇ ਦੇ ਕੁਮਤਾ ਤਾਲੁਕਾ 'ਚ ਰਾਮਤੀਰਥ ਪਹਾੜੀਆਂ ਦੀ ਗੁਫ਼ਾ ਤੋਂ ਇਕ ਰੂਸੀ ਔਰਤ ਅਤੇ ਉਸ ਦੇ ਦੋ ਛੋਟੇ ਬੱਚਿਆਂ ਨੂੰ ਬਚਾਇਆ ਗਿਆ ਸੀ | ਰੂਸੀ ਔਰਤ ਦੀ ਪਹਿਚਾਣ 40 ਸਾਲ ਦੀ ਨੀਨਾ ਕੁਟੀਨਾ ਉਰਫ਼ ਮੋਹੀ ਦੇ ਰੂਪ 'ਚ ਹੋਈ | ਇਹ ਔਰਤ ਬਿਜ਼ਨਸ ਵੀਜ਼ਾ 'ਤੇ ਭਾਰਤ ਆਈ ਸੀ | ਹਿੰਦੂ ਧਰਮ ਅਤੇ ਭਾਰਤੀ ਅਧਿਆਤਮਕ ਪ੍ਰੰਪਰਾਵਾਂ ਤੋਂ ਕਾਫ਼ੀ ਪ੍ਰਭਾਵਿਤ ਹੋ ਕੇ ਗੋਆ ਤੋਂ ਹੁੰਦੇ ਹੋਏ ਗੋਕਰਣ ਪਹੁੰਚੀ | ਇਸ ਦੌਰਾਨ ਰੂਸੀ ਨਾਗਰਿਕ ਨੀਨਾ ਕੁਟੀਨਾ, ਉਸ ਦੇ ਦੋ ਨਾਬਾਲਗ ਬੱਚਿਆਂ ਪ੍ਰੇਮਾ ਅਤੇ ਅਮਾ ਦੇ ਨਾਲ, ਨੂੰ ਤੱਟਵਰਤੀ ਸ਼ਹਿਰ ਗੋਕਰਨ ਵਿਚ ਰਾਮਤੀਰਥ ਪਹਾੜੀ 'ਤੇ ਇਕ ਗੁਫਾ 'ਚ ਰਹਿੰਦੇ ਪਾਏ ਜਾਣ ਤੋਂ ਬਾਅਦ, ਤੁਮਾਕੁਰੂ ਦੇ ਡਿੱਬੂਰ ਵਿਚ ਸਥਿਤ ਵਿਦੇਸ਼ੀ ਹਿਰਾਸਤ ਕੇਂਦਰ (ਐਫ.ਡੀ.ਸੀ.) ਵਿਚ ਤਬਦੀਲ ਕਰ ਦਿੱਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕਈ ਹਫ਼ਤਿਆਂ ਤੋਂ ਇਕ ਅਧਿਆਤਮਕ ਆਗੂ ਦੀ ਅਗਵਾਈ ਹੇਠ ਗੁਫਾ ਵਿਚ ਰਹਿ ਰਿਹਾ ਸੀ | ਉਨ੍ਹਾਂ ਦੀ ਮੌਜੂਦਗੀ ਨੇ ਸਥਾਨਕ ਨਿਵਾਸੀਆਂ ਅਤੇ ਅਧਿਕਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਦੇ ਨਤੀਜੇ ਵਜੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦਖਲ ਦੇਣਾ ਪਿਆ | ਅਧਿਕਾਰੀਆਂ ਵਲੋਂ ਤਸਦੀਕ ਤੋਂ ਬਾਅਦ, ਇਹ ਪਾਇਆ ਗਿਆ ਕਿ ਪਰਿਵਾਰ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਲਈ ਠਹਿਰਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ | ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ (ਐਫ. ਆਰ. ਆਰ. ਓ.) ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਠਹਿਰਨ ਦੇ ਹਾਲਾਤ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਸੰਭਾਵਿਤ ਉਲੰਘਣਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |