ਮੁੰਬਈ, 15 ਜੁਲਾਈ (ਪੀ.ਟੀ.ਆਈ.)-ਏਅਰ ਇੰਡੀਆ ਨੇ ਕਿਹਾ ਕਿ ਉਹ ਮੌਜੂਦਾ ਅਹਿਮਦਾਬਾਦ-ਗੈਟਵਿਕ ਰੂਟ ਦੀ ਥਾਂ 'ਤੇ 1 ਅਗਸਤ ਤੋਂ ਅਹਿਮਦਾਬਾਦ ਤੇ ਲੰਡਨ ਹੀਥਰੋ ਵਿਚਕਾਰ ਉਡਾਣ ਸੇਵਾਵਾਂ ਚਲਾਏਗੀ | ਇਸ ਦੌਰਾਨ ਉਨ੍ਹਾਂ ਘਰੇਲੂ ਤੇ ਅੰਤਰਰਾਸ਼ਟਰੀ ਰੂਟਾਂ 'ਤੇ ਸੇਵਾਵਾਂ ਨੂੰ ਅੰਸ਼ਕ ਤੌਰ 'ਤੇ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜੋ ਇਸਨੇ ਪਿਛਲੇ ਮਹੀਨੇ ਘਾਤਕ ਬੋਇੰਗ 787-8 ਜਹਾਜ਼ ਹਾਦਸੇ ਤੋਂ ਬਾਅਦ ਮੁਅੱਤਲ ਕਰ ਦਿੱਤਾ ਸੀ | ਇਸ ਦੇ ਨਾਲ ਹੀ ਅੰਮਿ੍ਤਸਰ-ਲੰਡਨ (ਗੈਟਵਿਕ), ਗੋਆ (ਮੋਪਾ)-ਲੰਡਨ (ਗੈਟਵਿਕ), ਬੈਂਗਲੁਰੂ-ਸਿੰਗਾਪੁਰ ਤੇ ਪੁਣੇ-ਸਿੰਗਾਪੁਰ 'ਤੇ ਸੇਵਾਵਾਂ ਦੀ ਮੁਅੱਤਲੀ 30 ਸਤੰਬਰ ਤੱਕ ਜਾਰੀ ਰਹੇਗੀ | ਟਾਟਾ ਗਰੁੱਪ ਏਅਰਲਾਈਨ ਨੇ ਪਿਛਲੇ ਮਹੀਨੇ 12 ਜੂਨ ਨੂੰ ਹੋਏ ਬੋਇੰਗ 787-8 ਜਹਾਜ਼ ਹਾਦਸੇ ਤੋਂ ਬਾਅਦ 'ਸੁਰੱਖਿਆ ਵਿਰਾਮ' ਲਾਗੂ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ 'ਚ 260 ਲੋਕ ਮਾਰੇ ਗਏ ਸਨ |