17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਲੰਬੀ ਚਰਚਾ ਤੋਂ ਬਾਅਦ 'ਸਿਲੈਕਟ ਕਮੇਟੀ' ਕੋਲ ਭੇਜਿਆ ਬੇਅਦਬੀ ਖ਼ਿਲਾਫ਼ ਬਿੱਲ

ਅਜੀਤ ਡੈਸਕ 16-07-2025

• ਸਾਰੀਆਂ ਪਾਰਟੀਆਂ ਵਲੋਂ ਬਿੱਲ ਦਾ ਸਮਰਥਨ ਪਰ ਖ਼ਾਮੀਆਂ ਵੀ ਕੱਢੀਆਂ • ਨਸ਼ਿਆਂ 'ਤੇ ਬਹਿਸ ਦੌਰਾਨ ਹੰਗਾਮੇ ਮਗਰੋਂ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
• 6 ਮਹੀਨਿਆਂ 'ਚ ਰਿਪੋਰਟ ਦੇਵੇਗੀ ਕਮੇਟੀ • ਮਾਹਿਰਾਂ ਤੇ ਆਮ ਲੋਕਾਂ ਦੀ ਰਾਇ ਮਗਰੋਂ ਪਾਸ ਹੋਵੇਗਾ ਬਿੱਲ

ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ)-ਬੇਅਦਬੀਆਂ ਖ਼ਿਲਾਫ਼ ਜਿਸ ਬਿੱਲ ਨੂੰ ਪਾਸ ਕਰਕੇ ਸਖ਼ਤ ਕਾਨੂੰਨ ਬਣਾਉਣ ਦੀ ਗੱਲ ਕਰਦਿਆਂ ਸਰਕਾਰ ਨੇ ਜੋ ਵਿਸ਼ੇਸ਼ ਇਜਲਾਸ ਸੱਦਿਆ ਸੀ, ਉਹ ਬਿੱਲ ਅੱਜ ਇਜਲਾਸ ਦੇ ਚੌਥੇ ਤੇ ਆਖ਼ਰੀ ਦਿਨ ਸਦਨ 'ਚ ਪਾਸ ਨਹੀਂ ਹੋ ਸਕਿਆ | ਪੰਜਾਬ ਵਿਧਾਨ ਸਭਾ 'ਚ ਸਦਨ ਨੇ ਬੇਅਦਬੀ ਖ਼ਿਲਾਫ਼ ਬਿੱਲ 'ਤੇ ਲੋਕ ਰਾਇ ਲੈਣ ਲਈ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਫ਼ੈਸਲਾ ਕੀਤਾ | ਮੁੱਖ ਮੰਤਰੀ ਭਗਵੰਤ ਮਾਨ ਨੇ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਮਤਾ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਇਸ ਮਤੇ 'ਚ ਸਪੀਕਰ ਨੂੰ ਸਿਲੈੱਕਟ ਕਮੇਟੀ ਦਾ ਗਠਨ ਕਰਨ ਅਤੇ ਇਸ ਕਮੇਟੀ ਵਲੋਂ 6 ਮਹੀਨੇ 'ਚ ਰਿਪੋਰਟ ਪੇਸ਼ ਕਰਨ ਦੀ ਗੱਲ ਕਹੀ ਗਈ ਹੈ | ਇਸ ਸੰਬੰਧੀ ਮਤੇ ਨੂੰ ਸਾਰੀਆਂ ਵਿਰੋਧੀ ਧਿਰਾਂ ਨੇ ਸਮਰਥਨ ਤਾਂ ਦਿੱਤਾ ਪਰ ਇਸ ਬਿੱਲ ਵਿਚਲੀਆਂ ਖ਼ਾਮੀਆਂ ਸਦਨ 'ਚ ਰੱਖ ਕੇ ਇਨ੍ਹਾਂ ਨੂੰ ਦੂਰ ਕਰਨ ਦੀ ਅਪੀਲ ਵੀ ਕੀਤੀ | ਇਸ ਮਗਰੋਂ ਸਦਨ 'ਚ ਨਸ਼ਿਆਂ ਦੇ ਮੁੱਦੇ 'ਤੇ ਬਹਿਸ ਜਾਰੀ ਰੱਖੀ ਗਈ, ਜਿਸ ਦੌਰਾਨ ਭਾਰੀ ਹੰਗਾਮਾ ਵੀ ਹੋਇਆ | ਇਸ ਮੁੱਦੇ 'ਤੇ ਸੱਤਾ ਧਿਰ ਅਤੇ ਵਿਰੋਧੀ ਧਿਰਾਂ ਵਿਚ ਤਿੱਖੀ ਬਹਿਸ ਮਗਰੋਂ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ | ਬੇਅਦਬੀ ਖ਼ਿਲਾਫ਼ ਬਿੱਲ 'ਤੇ ਚਰਚਾ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਲਈ ਸ਼ਾਂਤੀ ਅਤੇ ਸਮਾਨਤਾ ਦਾ ਰਾਹ ਦਸੇਰਾ ਹਨ ਅਤੇ ਬੀਤੇ ਸਮਿਆਂ 'ਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਲੋਕਾਂ ਨੂੰ ਪਹੁੰਚੀ ਡੂੰਘੀ ਭਾਵਨਾਤਮਕ ਠੇਸ ਨੂੰ ਪੰਜਾਬ ਸਰਕਾਰ ਪੂਰੀ ਤਰ੍ਹਾਂ ਸਮਝਦੀ ਹੈ | ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਕੁੱਝ ਤਾਕਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਕੇ ਮਨੁੱਖਤਾ ਵਿਰੁੱਧ ਸਭ ਤੋਂ ਘਿਣਾਉਣੇ ਅਪਰਾਧ ਨੂੰ ਅੰਜਾਮ ਦੇਣ ਲੱਗਿਆ ਰਤਾ ਨਹੀਂ ਸੋਚਿਆ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਲਈ ਸਦੀਵੀ ਗੁਰੂ ਹਨ ਅਤੇ ਸਾਡੇ ਗੁਰੂ ਦੀ ਬੇਅਦਬੀ ਵਰਗੇ ਇਸ ਘਿਣਾਉਣੇ ਕੰਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮਨੁੱਖਤਾ ਨੂੰ ਜੀਵਨ ਜਾਚ ਸਿਖਾਉਣ ਲਈ ਭਗਵਤ ਗੀਤਾ, ਕੁਰਾਨ ਸ਼ਰੀਫ਼, ਪਵਿੱਤਰ ਬਾਈਬਲ ਅਤੇ ਹੋਰ ਸਤਿਕਾਰਤ ਗ੍ਰੰਥ ਵੀ ਹਨ | ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਇਹ ਬਿੱਲ ਯਕੀਨੀ ਬਣਾਏਗਾ ਕਿ ਭਵਿੱਖ 'ਚ ਅਜਿਹਾ ਕੋਈ ਘਿਣਾਉਣਾ ਅਪਰਾਧ ਨਾ ਵਾਪਰੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਇਹ ਬਿੱਲ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਹੈ ਅਤੇ ਸਾਰੇ ਭਾਈਵਾਲਾਂ ਦਾ ਵਿਚਾਰ ਲੈਣ ਲਈ ਇਸ ਨੂੰ ਹੁਣ ਵਿਧਾਨ ਸਭਾ ਦੀ ਸਿਲੈੱਕਟ ਕਮੇਟੀ ਨੂੰ ਭੇਜਿਆ ਜਾਵੇਗਾ | ਇਹ ਕਮੇਟੀ ਇਸ ਬਿੱਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸੂਬੇ ਦੀਆਂ ਸਾਰੀਆਂ ਸਮਾਜਿਕ, ਧਾਰਮਿਕ ਅਤੇ ਹੋਰ ਸੰਸਥਾਵਾਂ ਦੇ ਵਿਚਾਰ ਲਏਗੀ |
ਸਮਾਂਬੱਧ ਜਾਂਚ ਹੋਵੇ-ਬਾਜਵਾ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅਜਿਹੇ ਮਾਮਲਿਆਂ ਦੀ ਸਮਾਂਬੱਧ ਜਾਂਚ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਜਾਂਚ 30 ਦਿਨਾਂ ਵਿਚ ਪੂਰੀ ਹੋਣੀ ਚਾਹੀਦੀ ਹੈ ਅਤੇ ਲੋੜ ਪੈਣ 'ਤੇ ਐਸ.ਐਸ.ਪੀ ਵਲੋਂ ਹੀ 15 ਦਿਨਾਂ ਲਈ ਮਿਆਦ ਵਧਾਈ ਜਾ ਸਕੇ | ਇਸ ਤੋਂ ਬਾਅਦ ਜਾਂਚ ਦਾ ਸਮਾਂ ਵਧਾਉਣ ਦਾ ਅਧਿਕਾਰ ਡੀ.ਜੀ.ਪੀ ਨੂੰ ਦਿੱਤਾ ਜਾਵੇ, ਜਿਸ ਨਾਲ ਜਾਂਚ ਦੀ ਢਿੱਲੀ ਕਾਰਗੁਜ਼ਾਰੀ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਪਤਾ ਹੋਵੇ | ਜੇਕਰ ਇਸ ਮਾਮਲੇ ਦੀ ਜਾਂਚ ਗਲਤ ਪਾਈ ਜਾਂਦੀ ਹੈ ਤਾਂ ਸੰਬੰਧਿਤ ਪੁਲਿਸ ਅਧਿਕਾਰੀ ਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਬੇਅਦਬੀ ਦੀਆਂ ਘਟਨਾਵਾਂ 'ਤੇ ਕਾਰਵਾਈ ਲਈ ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ | ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਉਹ 24 ਘੰਟਿਆਂ ਵਿਚ ਸਿੱਟ ਰਿਪੋਰਟ ਲਾਗੂ ਕਰਨਗੇ ਪਰ ਅੱਜ 1144 ਦਿਨ ਅਤੇ 27 ਹਜ਼ਾਰ 56 ਘੰਟੇ ਬੀਤ ਗਏ ਹਨ | ਪਰ ਕੁਝ ਨਹੀਂ ਕੀਤਾ ਗਿਆ |
ਇਸੇ ਦੌਰਾਨ 'ਆਪ' ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਚਰਚਾ ਦੌਰਾਨ ਬੇਸਹਾਰਾ ਪਸ਼ੂਆਂ ਤੇ ਬੇਅਦਬੀ ਦਾ ਮੁੱਦਾ ਚੁੱਕਿਆ |
ਸਾਰੇ ਧਾਰਮਿਕ ਗ੍ਰੰਥਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ-ਅਸ਼ਵਨੀ ਸ਼ਰਮਾ
ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਇਸ ਲਈ ਸਨਾਤਨ ਧਰਮ ਨਾਲ ਸੰਬੰਧਿਤ ਸਾਰੇ ਧਾਰਮਿਕ ਗ੍ਰੰਥਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਬੇਅਦਬੀਆਂ ਦਾ ਇਹ ਮਾਮਲਾ ਗੰਭੀਰ ਹੈ | ਇਸ ਬਿੱਲ ਦੀ ਨਿਰਪੱਖਤਾ ਬਣਾਈ ਰੱਖਣੀ ਚਾਹੀਦੀ ਹੈ |
'ਆਪ' ਨੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ-ਅਮਨ ਅਰੋੜਾ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੁਆਰਾ ਕਈ ਵਿਸ਼ੇਸ਼ ਜਾਂਚ ਟੀਮਾਂ (ਐਸ.ਆਈ.ਟੀ.) ਅਤੇ ਕਮਿਸ਼ਨਾਂ ਦੇ ਗਠਨ ਦੇ ਬਾਵਜੂਦ ਕਿਸੇ ਨੇ ਵੀ ਬਾਦਲ ਪਰਿਵਾਰ ਨੂੰ ਬੇਅਦਬੀ ਦੇ ਮਾਮਲਿਆਂ ਵਿਚ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ, ਜਦਕਿ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੇ ਸੱਤਾ ਵਿਚ ਆਉਣ ਤੋਂ ਬਾਅਦ ਇਨ੍ਹਾਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਏ.ਡੀ.ਜੀ.ਪੀ.ਐਲ.ਕੇ. ਯਾਦਵ ਦੀ ਅਗਵਾਈ ਵਾਲੀ ਸਿੱਟ ਨੇ ਅਦਾਲਤ ਵਿਚ 7,000 ਤੋਂ ਵੱਧ ਪੰਨਿਆਂ ਦਾ ਚਲਾਨ ਪੇਸ਼ ਕੀਤਾ, ਜਿਸ ਵਿਚ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਹੋਰਨਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ | ਇਹ ਕੇਸ ਇਸ ਸਮੇਂ ਫ਼ਰੀਦਕੋਟ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿਚ ਚੱਲ ਰਿਹਾ ਹੈ |
ਕੋਈ ਸਰਕਾਰ ਬੇਅਦਬੀ ਨਹੀਂ ਕਰਵਾ ਸਕਦੀ-ਇਯਾਲੀ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਕੋਈ ਵੀ ਸਰਕਾਰ ਬੇਅਦਬੀ ਨਹੀਂ ਕਰਵਾ ਸਕਦੀ ਪਰ ਜਿਸ ਸਰਕਾਰ ਵਿਚ ਵੀ ਇਹ ਘਟਨਾ ਹੋਈ ਜ਼ਿੰਮੇਵਾਰੀ ਜ਼ਰੂਰ ਬਣਦੀ ਹੈ ਅਤੇ ਉਹ ਖ਼ਮਿਆਜ਼ਾ ਵੀ ਭੁਗਤ ਰਹੇ ਹਨ ਅਤੇ ਅੱਗੇ ਨੂੰ ਵੀ ਜੇ ਕਿਸੇ ਸਰਕਾਰ ਦੌਰਾਨ ਅਜਿਹੀ ਘਟਨਾ ਹੁੰਦੀ ਹੈ ਤਾਂ ਉਹ ਵੀ ਖ਼ਮਿਆਜ਼ਾ ਭੁਗਤਣਗੇ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਧਾਰਮਿਕ ਗ੍ਰੰਥਾਂ ਦਾ ਵੀ ਬਰਾਬਰ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ |
ਸੁਪਰੀਮ ਕੋਰਟ ਦੇ ਫ਼ੈਸਲਿਆਂ ਦਾ ਨਹੀਂ ਕੀਤਾ ਅਧਿਐਨ-ਰਾਣਾ ਇੰਦਰ ਪ੍ਰਤਾਪ ਸਿੰਘ
ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਕਾਨੂੰਨ ਨੂੰ ਮਜ਼ਬੂਤ ਬਣਾਇਆ ਜਾਵੇ, ਤਾਂ ਜੋ ਕੋਈ ਇਸ ਨੂੰ ਚੁਣੌਤੀ ਨਾ ਦੇ ਸਕੇ | ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਇਨਸਾਫ਼ ਦਿਵਾਉਣ ਦੀ ਕੋਈ ਸ਼ਕਤੀ ਨਹੀਂ ਹੈ | ਉਹ ਸਾਡੇ ਸਰਬਉੱਚ ਹਨ | ਇਸ ਬਿੱਲ ਵਿਚ ਕੁਝ ਕਮੀਆਂ ਮਿਲੀਆਂ ਹਨ | ਬਿੱਲ ਦੀ ਵਿਆਖਿਆ ਨੂੰ ਠੀਕ ਕਰਨ ਦੀ ਲੋੜ ਹੈ | ਇਸ ਵਿਚ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਧਿਆਨ ਵਿਚ ਨਹੀਂ ਰੱਖਿਆ ਗਿਆ ਹੈ |
ਦੇਰ ਆਏ ਦਰੁਸਤ ਆਏ, ਬਿੱਲ ਨੂੰ ਸਮਰਥਨ- ਭਾਜਪਾ
ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਕਿਹਾ ਕਿ ਦੇਰ ਅਤੇ ਦਰੁਸਤ ਆਏ, ਅਸੀਂ ਇਸ ਬਿੱਲ ਦਾ ਸਮਰਥਨ ਕਰਦੇ ਹਾਂ | ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਸਨਾਤਨ ਧਰਮ ਵਿਚ ਮੂਰਤੀ ਪੂਜਾ ਦੀ ਮਾਨਤਾ ਹੈ ਅਤੇ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਸ ਦੀ ਪੂਜਾ ਕੀਤੀ ਜਾਂਦੀ ਹੈ | ਸਾਡਾ ਮੰਨਣਾ ਹੈ ਕਿ ਇਸ ਨੂੰ ਵੀ ਬਿੱਲ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ |
ਨਸ਼ਿਆਂ ਦੇ ਮੁੱਦੇ 'ਤੇ ਬਹਿਸ ਦੌਰਾਨ ਮੁੱਖ ਮੰਤਰੀ ਨੇ ਲਾਏ ਵਿਰੋਧੀਆਂ 'ਤੇ ਨਿਸ਼ਾਨੇ
ਵਿਧਾਨ ਸਭਾ ਵਿਚ ਨਸ਼ੇ 'ਤੇ ਚਰਚਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਨਾਲ ਨਸਲਕੁਸ਼ੀ ਕੀਤੀ ਗਈ ਹੈ | ਨਸ਼ੇ ਨੇ ਘਰਾਂ ਵਿਚ ਸੱਥਰ ਵਿਛਾਏ ਹਨ | ਉਨ੍ਹਾਂ ਕਿਹਾ ਕਿ ਸਾਡਾ 'ਯੁੱਧ ਨਸ਼ਿਆਂ ਵਿਰੁੱਧ' ਲਗਾਤਾਰ ਜਾਰੀ ਹੈ ਅਤੇ ਵੱਡੇ-ਵੱਡੇ ਮਗਰਮੱਛ ਵੀ ਕਿਸੇ ਕਿਸਮ ਵਿਚ ਬਖ਼ਸ਼ੇ ਨਹੀਂ ਜਾਣਗੇ | ਪੰਜਾਬ ਭਰ ਵਿਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ | ਉਥੇ ਹੀ ਮੰਤਰੀ ਤਰੁਨਪ੍ਰੀਤ ਸਿੰਘ ਦੇ ਇਕ ਬਿਆਨ ਦੌਰਾਨ ਹੰਗਾਮਾ ਖੜ੍ਹਾ ਹੋ ਗਿਆ, ਕਾਂਗਰਸ ਨੇ ਬਿਆਨ ਦਾ ਵਿਰੋਧ ਕੀਤਾ | ਇਸ ਤੋਂ ਬਾਅਦ ਮੰਤਰੀ ਨੇ ਦੋਸ਼ ਲਗਾਇਆ ਕਿ ਕਾਂਗਰਸ ਵਿਧਾਇਕ ਨੇ ਦੁਰਵਿਵਹਾਰ ਕੀਤਾ ਹੈ | ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੰਤਰੀ ਨੇ ਵਿਧਾਇਕ ਨੂੰ ਨਾਂਅ ਲੈ ਕੇ ਨਸ਼ਾ ਤਸਕਰ ਕਿਹਾ | ਹਾਲਾਂਕਿ ਡਿਪਟੀ ਸਪੀਕਰ ਨੇ ਦਖ਼ਲ ਦਿੰਦੇ ਹੋਏ ਕਿਹਾ ਕਿ ਸਦਨ ਦੀ ਮਰਿਆਦਾ ਬਣਾਈ ਰੱਖੀ ਜਾਵੇ |
ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰਾਂ ਦੀ ਕੀਤੀ ਪੁਸ਼ਤ ਪਨਾਹੀ-ਸੌਂਦ
ਸਦਨ 'ਚ ਨਸ਼ਿਆਂ ਦੇ ਮੁੱਦੇ 'ਤੇ ਹੋਈ ਬਹਿਸ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿਛਲੀਆਂ ਸਰਕਾਰਾਂ ਨੂੰ ਪੰਜਾਬ ਵਿਚ ਨਸ਼ਾ ਫੈਲਾਉਣ ਲਈ ਦੋਸ਼ੀ ਦੱਸਿਆ | ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰਕੇ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਸੂਬੇ ਦੀ ਨੌਜਵਾਨੀ ਨੂੰ ਨਸ਼ਿਆਂ 'ਤੇ ਲਾਇਆ | ਉਨ੍ਹਾਂ ਖੰਨਾ 'ਚ ਨਾਜਾਇਜ਼ ਸ਼ਰਾਬ ਫ਼ੈਕਟਰੀ ਅਤੇ ਪਾਇਲ ਹਲਕੇ ਦੇ ਡਰੱਗ ਡੀਲਰ ਗੁਰਦੀਪ ਰਾਣੂੰ ਦੀ ਗਿ੍ਫ਼ਤਾਰੀ ਬਾਬਤ ਵਿਸਥਾਰ ਵਿਚ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਦੋਵੇਂ ਮਾਮਲੇ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਆਪਣੇ ਸਮਿਆਂ ਦੌਰਾਨ ਨਸ਼ਾ ਵਪਾਰੀਆਂ ਨੂੰ ਸੁਰੱਖਿਆ ਦਿੱਤੀ |

ਪਿਛਲੀ ਖ਼ਬਰ ਏਅਰ ਇੰਡੀਆ 1 ਅਗਸਤ ਤੋਂ ਲੰਡਨ ਹੀਥਰੋ ਲਈ 3 ਹਫਤਾਵਾਰੀ ਉਡਾਣਾਂ ਚਲਾਏਗੀ ਅਗਲੀ ਖ਼ਬਰ ਮੁਹਾਲੀ ਅਦਾਲਤ ਵਲੋਂ ਮਜੀਠੀਆ ਮਾਮਲੇ 'ਚ ਵਿਜੀਲੈਂਸ ਦੇ ਛਾਪਿਆਂ 'ਤੇ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।