17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮੁਹਾਲੀ ਅਦਾਲਤ ਵਲੋਂ ਮਜੀਠੀਆ ਮਾਮਲੇ 'ਚ ਵਿਜੀਲੈਂਸ ਦੇ ਛਾਪਿਆਂ 'ਤੇ ਰੋਕ

ਅਜੀਤ ਡੈਸਕ 16-07-2025

ਅੰਮਿ੍ਤਸਰ ਤੇ ਦਿੱਲੀ ਸਥਿਤ ਮਜੀਠੀਆ ਦੇ ਟਿਕਾਣਿਆਂ 'ਤੇ ਭੇਜੀਆਂ ਟੀਮਾਂ ਨੂੰ ਖਾਲੀ ਹੱਥ ਮੁੜਨਾ ਪਿਆ
ਐੱਸ. ਏ. ਐੱਸ. ਨਗਰ, 15 ਜੁਲਾਈ (ਕਪਿਲ ਵਧਵਾ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਵੱਖ-ਵੱਖ ਟਿਕਾਣਿਆਂ 'ਤੇ ਮੁਲਾਂਕਣ ਲਈ ਗਈਆਂ ਵਿਜੀਲੈਂਸ ਦੀਆਂ ਟੀਮਾਂ ਨੂੰ ਮੁਹਾਲੀ ਅਦਾਲਤ ਵਲੋਂ ਨਵੇਂ ਨਿਰਦੇਸ਼ ਜਾਰੀ ਹੋਣ 'ਤੇ ਖਾਲੀ ਹੱਥ ਵਾਪਸ ਪਰਤਣਾ ਪਿਆ | ਬਿਕਰਮ ਸਿੰਘ ਮਜੀਠੀਆ ਵਿਰੁੱਧ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਦਰਜ ਕੀਤੇ ਗਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਵਲੋਂ ਬੀਤੇ ਦਿਨੀਂ ਮੁਹਾਲੀ ਅਦਾਲਤ ਵਿਖੇ ਅਰਜ਼ੀ ਦਾਇਰ ਕਰਦਿਆਂ ਡੀ. ਐੱਸ. ਪੀ. ਇੰਦਰਪਾਲ ਸਿੰਘ ਵਲੋਂ ਮਜੀਠੀਆ ਦੀ ਦਿੱਲੀ ਸਥਿਤ ਸੈਨਿਕ ਫਾਰਮਜ਼, ਅੰਮਿ੍ਤਸਰ ਦੇ ਗਰੀਨ ਐਵੀਨਿਊ ਵਿਚਲੀ ਕੋਠੀ ਅਤੇ ਮਜੀਠਾ ਦੇ ਵਾਰਡ ਨੰਬਰ 5 ਵਿਚਲੇ ਮਕਾਨ-ਕਮ-ਦਫ਼ਤਰ ਦਾ ਮਾਹਰਾਂ ਵਲੋਂ ਮੁੱਲ ਪਤਾ ਕਰਵਾਉਣ ਲਈ ਤਲਾਸ਼ੀ ਵਾਰੰਟ ਦੀ ਮਨਜ਼ੂਰੀ ਮੰਗੀ ਗਈ ਸੀ, ਜਿਸ 'ਤੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਵਲੋਂ ਭਾਰਤੀ ਕਾਨੂੰਨ ਅਨੁਸਾਰ 7 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਜਾਰੀ ਕਰਦਿਆਂ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ ਸੀ | ਇਸ ਵਾਰੰਟ ਦੇ ਆਧਾਰ 'ਤੇ ਵਿਜੀਲੈਂਸ ਦੀਆਂ ਟੀਮਾਂ ਭਾਰੀ ਸੁਰੱਖਿਆ ਬਲਾਂ ਦੀ ਸਹਾਇਤਾ ਨਾਲ ਜਦੋਂ ਉਕਤ ਟਿਕਾਣਿਆਂ ਤੇ ਮੁਲਾਂਕਣ ਕਰਨ ਲਈ ਪੁੱਜੀਆਂ ਤਾਂ ਮੁਹਾਲੀ ਅਦਾਲਤ ਵਿਖੇ ਬਚਾਅ ਧਿਰ ਦੇ ਵਕੀਲ ਐੱਚ. ਐੱਸ. ਧਨੋਆ, ਅਰਸ਼ਦੀਪ ਸਿੰਘ ਕਲੇਰ ਅਤੇ ਡੀ. ਐੱਸ. ਸੋਬਤੀ ਵਲੋਂ ਤਲਾਸ਼ੀ ਵਾਰੰਟ 'ਤੇ ਮੁੜ ਸੁਣਵਾਈ ਕਰਨ ਦੀ ਅਪੀਲ ਕੀਤੀ ਗਈ, ਜਿਸ ਦੇ ਚਲਦਿਆਂ ਅੱਜ ਮੁਹਾਲੀ ਅਦਾਲਤ ਵਿਖੇ ਕਰੀਬ ਤਿੰਨ ਘੰਟੇ ਦੋਵਾਂ ਧਿਰਾਂ ਦਰਮਿਆਨ ਬਹਿਸ ਹੋਈ | ਇਸੇ ਦੌਰਾਨ ਬਚਾਅ ਧਿਰ ਵਲੋਂ ਦਲੀਲ ਦਿੱਤੀ ਗਈ ਕਿ ਵਿਜੀਲੈਂਸ ਦੇ ਅਧਿਕਾਰੀਆਂ ਵਲੋਂ ਪਹਿਲਾਂ ਛਾਪੇਮਾਰੀ ਕੀਤੀ ਜਾ ਚੁੱਕੀ ਹੈ, ਜਿਸ ਵਿਚ ਸੂਚੀਬੱਧ ਕੀਤੀਆਂ ਗਈਆਂ ਵਸਤੂਆਂ ਦਾ ਬਿਓਰਾ ਅਦਾਲਤ ਵਿਚ ਮੌਜੂਦ ਹੈ ਅਤੇ ਸਿਰਫ਼ ਉਨ੍ਹਾਂ ਵਸਤੂਆਂ ਦਾ ਮੁਲਾਂਕਣ ਹੀ ਵਿਜੀਲੈਂਸ ਕਰਵਾ ਸਕਦੀ ਹੈ | ਇਸ ਦੇ ਨਾਲ ਹੀ ਉਨ੍ਹਾਂ ਵਿਜੀਲੈਂਸ 'ਤੇ ਗੰਭੀਰ ਦੋਸ਼ ਲਗਾਇਆ ਕਿ ਮਜੀਠੀਆ ਦੇ ਟਿਕਾਣਿਆਂ 'ਚੋਂ ਇਕ ਵੀ ਥਾਂ 'ਤੇ ਤਲਾਸ਼ੀ ਵਾਰੰਟ ਹਾਸਲ ਕਰਨ ਵਾਲਾ ਤਫ਼ਤੀਸ਼ੀ ਅਫ਼ਸਰ ਉਥੇ ਮੌਜੂਦ ਨਹੀਂ ਸੀ, ਸਗੋਂ ਹੋਰ ਅਧਿਕਾਰੀ ਕਾਰਵਾਈ ਕਰਨ ਲਈ ਪੁੱਜੇ ਸਨ | ਇਸ ਦੇ ਵਿਰੋਧ ਵਿਚ ਸਰਕਾਰੀ ਧਿਰ ਦੀ ਅਗਵਾਈ ਕਰ ਰਹੇ ਵਕੀਲ ਪੀ. ਆਈ. ਪੀ. ਸਿੰਘ ਅਤੇ ਫੈਰੀ ਸੌਫਤ ਨੇ ਅਦਾਲਤ ਅੱਗੇ ਦਲੀਲ ਰੱਖੀ ਕਿ ਵਿਜੀਲੈਂਸ ਦੇ ਅਧਿਕਾਰੀ ਜੋ ਕਿ ਇਸ ਮਾਮਲੇ ਦੀ ਜਾਂਚ ਦਾ ਹਿੱਸਾ ਹਨ, ਕਾਨੂੰਨ ਦੀਆਂ ਹਦਾਇਤਾਂ ਮੁਤਾਬਕ ਜ਼ਮੀਨ, ਇਮਾਰਤ ਅਤੇ ਉਥੇ ਲੱਗੀਆਂ ਚੀਜਾਂ ਦਾ ਮੁਲਾਂਕਣ ਕਰ ਰਹੇ ਹਨ | ਇਸ ਦੇ ਨਾਲ ਹੀ ਅਦਾਲਤ ਦੇ ਧਿਆਨ 'ਚ ਇਹ ਵੀ ਆਇਆ ਕਿ ਬਿਨੈਕਾਰ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਵਕੀਲ ਦੀ ਮੌਜੂਦਗੀ ਵਿਚ ਮੁਲਾਂਕਣ ਕਰਵਾਉਣ ਵਿਚ ਕੋਈ ਗੁਰੇਜ਼ ਨਹੀਂ ਹੈ | ਸੁਣਵਾਈ ਦੇ ਅੰਤ ਵਿਚ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਮੰਗਲਵਾਰ ਨੂੰ ਉਕਤ ਤਿੰਨਾਂ ਟਿਕਾਣਿਆਂ 'ਤੇ ਜਾਂਚ ਟੀਮਾਂ ਵਲੋਂ ਚਲਾਈ ਜਾ ਰਹੀ ਮੁਲਾਂਕਣ ਦੀ ਕਾਰਵਾਈ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਦੇ ਹੁਕਮ ਸੁਣਾਏ ਗਏ | ਇਸ ਦੇ ਨਾਲ ਹੀ ਅਦਾਲਤ ਨੇ ਅਗਲੀ ਵਾਰ ਤੋਂ ਇਕ ਦਿਨ ਪਹਿਲਾਂ ਸੂਚਿਤ ਕਰਕੇ ਵਕੀਲ ਅਰਸ਼ਦੀਪ ਸਿੰਘ ਕਲੇਰ ਦੀ ਮੌਜੂਦਗੀ 'ਚ ਮੁਲਾਂਕਣ ਦੀ ਪ੍ਰਕਿਰਿਆ ਨੂੰ ਉਲੀਕਣ ਦਾ ਫ਼ੈਸਲਾ ਸੁਣਾਇਆ |

ਪਿਛਲੀ ਖ਼ਬਰ ਲੰਬੀ ਚਰਚਾ ਤੋਂ ਬਾਅਦ 'ਸਿਲੈਕਟ ਕਮੇਟੀ' ਕੋਲ ਭੇਜਿਆ ਬੇਅਦਬੀ ਖ਼ਿਲਾਫ਼ ਬਿੱਲ ਅਗਲੀ ਖ਼ਬਰ ਇਤਿਹਾਸ ਰਚ ਕੇ ਧਰਤੀ 'ਤੇ ਪੁੱਜੇ ਸ਼ੁਭਾਂਸ਼ੂ ਸ਼ੁਕਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।