17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਇਤਿਹਾਸ ਰਚ ਕੇ ਧਰਤੀ 'ਤੇ ਪੁੱਜੇ ਸ਼ੁਭਾਂਸ਼ੂ ਸ਼ੁਕਲਾ

ਅਜੀਤ ਡੈਸਕ 16-07-2025

ਕੈਲੀਫੋਰਨੀਆ ਤੱਟ 'ਤੇ ਉਤਰਿਆ ਡਰੈਗਨ ਕੈਪਸੂਲ
ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਜਾਣ ਵਾਲੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਇਤਿਹਾਸ ਰਚ ਕੇ ਐਕਸੀਓਮ-4 ਮਿਸ਼ਨ ਦੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਧਰਤੀ 'ਤੇ ਸੁਰੱਖਿਅਤ ਵਾਪਸ ਪਹੁੰਚ ਗਏ | ਸਪੇਸਐਕਸ ਦਾ ਡਰੈਗਨ ਪੁਲਾੜ ਵਾਹਨ ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 3.01 ਵਜੇ ਅਮਰੀਕਾ ਦੇ ਕੈਲੀਫੋਰਨੀਆ ਤੱਟ 'ਤੇ ਪ੍ਰਸ਼ਾਂਤ ਮਹਾਸਾਗਰ 'ਚ ਉਤਰਿਆ | ਸ਼ੁਕਲਾ ਸਮੇਤ ਚਾਰੋਂ ਪੁਲਾੜ ਯਾਤਰੀ ਸੋਮਵਾਰ ਸ਼ਾਮ 4.45 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ਲਈ ਰਵਾਨਾ ਹੋਏ ਸਨ ਅਤੇ ਕਰੀਬ 23 ਘੰਟਿਆਂ ਦੇ ਬਾਅਦ ਡਰੈਗਨ ਪੁਲਾੜ ਵਾਹਨ ਦੀ ਅੱਜ ਕੈਲੀਫੋਰਨੀਆ ਦੇ ਤੱਟ 'ਤੇ ਸਫ਼ਲ ਲੈਂਡਿੰਗ ਹੋਈ | ਸ਼ੁਭਾਂਸ਼ੂ ਸ਼ੁਕਲਾ ਅਤੇ ਉਨ੍ਹਾਂ ਦੇ ਸਾਥੀ ਪੁਲਾੜ ਯਾਤਰੀਆਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ 18 ਦਿਨ ਬਤੀਤ ਕੀਤੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਪ੍ਰਯੋਗ ਅਤੇ ਖੋਜ ਕਾਰਜ ਕੀਤੇ | ਅੰਤਰਰਾਸ਼ਟਰੀ ਪੁਲਾੜ ਕੇਂਦਰ 'ਤੇ ਜਾਣ ਵਾਲੇ ਪਹਿਲੇ ਭਾਰਤੀ ਸ਼ੁਭਾਂਸ਼ੂ ਸ਼ੁਕਲਾ ਇਸ ਮਿਸ਼ਨ 'ਚ ਗਰੁੱਪ ਕੈਪਟਨ ਵਜੋਂ ਸ਼ਾਮਿਲ ਹੋਏ | ਆਪਣੇ ਸਾਥੀਆਂ ਨਾਲ ਉਨ੍ਹਾਂ ਨੇ ਪੁਲਾੜ 'ਚ ਕਈ ਖੋਜ ਕਾਰਜਾਂ ਨੂੰ ਪੂਰਾ ਕੀਤਾ, ਜਿੰਨ੍ਹਾਂ 'ਚ ਇਸਰੋ ਵਲੋਂ ਤਿਆਰ ਕੀਤੇ ਮਿਸ਼ਨ ਵੀ ਸ਼ਾਮਿਲ ਸਨ | ਸ਼ੁਭਾਂਸ਼ੂ ਸ਼ੁਕਲਾ ਦੇਸ਼ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ 'ਗਗਨਯਾਨ' ਲਈ ਚੁਣੇ ਗਏ ਸੰਭਾਵਿਤ ਦਲ 'ਚ ਵੀ ਸ਼ਾਮਿਲ ਹਨ | ਉਹ ਇਸ ਦਲ ਦੇ ਇਕਲੌਤੇ ਅਜਿਹੇ ਮੈਂਬਰ ਬਣ ਗਏ ਹਨ, ਜਿੰਨ੍ਹਾਂ ਕੋਲ ਹੁਣ ਪੁਲਾੜ ਯਾਤਰਾ ਦਾ ਅਨੁਭਵ ਹੈ, ਜੋ ਮਿਸ਼ਨ ਲਈ ਮਹੱਤਵਪੂਰਨ ਹੈ | ਭਾਰਤੀ ਹਵਾਈ ਸੈਨਾ 'ਚ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ, ਰਾਕੇਸ਼ ਸ਼ਰਮਾ ਦੇ 1984 'ਚ ਸੋਵੀਅਤ ਰੂਸੀ ਮਿਸ਼ਨ ਤਹਿਤ ਪੁਲਾੜ 'ਚ ਜਾਣ ਦੇ ਬਾਅਦ ਪੁਲਾੜ ਦੀ ਯਾਤਰਾ ਕਰਨ ਵਾਲੇ ਦੂਸਰੇ ਭਾਰਤੀ ਬਣ ਗਏ | ਉਨ੍ਹਾਂ ਨੇ ਪੁਲਾੜ 'ਚ ਸਭ ਤੋਂ ਲੰਮੇ ਸਮੇਂ ਤੱਕ ਰਹਿ ਕੇ ਅਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਬਣ ਕੇ ਇਤਿਹਾਸ ਵੀ ਰਚਿਆ | ਭਾਰਤ, ਹੰਗਰੀ ਅਤੇ ਪੋਲੈਂਡ ਲਈ ਇਸ ਮਿਸ਼ਨ ਨੇ ਮਨੁੱਖੀ ਪੁਲਾੜ ਉਡਾਣ ਦੀ ਵਾਪਸੀ ਨੂੰ ਸਕਾਰ ਕੀਤਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਦੇ ਪੁਲਾੜ ਯਾਤਰੀਆਂ ਨੇ 40 ਸਾਲਾਂ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਪੁਲਾੜ ਯਾਤਰਾ ਕੀਤੀ ਹੈ | ਐਕਸੀਓਮ-4 ਮਿਸ਼ਨ 25 ਜੂਨ ਨੂੰ ਲਾਂਚ ਹੋਇਆ ਸੀ ਅਤੇ ਸਪੇਸਐਕਸ ਦੇ ਫਾਲਕਨ-9 ਰਾਕੇਟ ਨਾਲ ਜੁੜੇ ਡਰੈਗਨ ਕੈਪਸੂਲ 'ਚ ਉਨ੍ਹਾਂ ਨੇ ਕੈਨੇਡੀ ਪੁਲਾੜ ਕੇਂਦਰ ਤੋਂ ਉਡਾਣ ਭਰੀ ਸੀ | ਸਾਰੇ ਪੁਲਾੜ ਯਾਤਰੀ 26 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4.01 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪਹੁੰਚੇ ਸੀ |

ਪਿਛਲੀ ਖ਼ਬਰ ਮੁਹਾਲੀ ਅਦਾਲਤ ਵਲੋਂ ਮਜੀਠੀਆ ਮਾਮਲੇ 'ਚ ਵਿਜੀਲੈਂਸ ਦੇ ਛਾਪਿਆਂ 'ਤੇ ਰੋਕ ਅਗਲੀ ਖ਼ਬਰ ਨਹੀਂ ਰਹੇ ਦਿੱਗਜ ਅਦਾਕਾਰ ਤੇ ਨਿਰਮਾਤਾ ਧੀਰਜ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।