2027 ਵਿਚ ਪੰਜਾਬ ਅੰਦਰ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਹੋਵੇਗੀ-ਨਵਤੇਜ ਸਿੰਘ ਚੀਮਾ
ਸੁਲਤਾਨਪੁਰ ਲੋਧੀ, 13 ਅਕਤੂਬਰ (ਨਰੇਸ਼ ਹੈਪੀ)-ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਗੱਲਬਾਤ ਕਰਦੇ ਕਿਹਾ ਕਿ 2027 ਵਿਚ ਕਾਂਗਰਸ ਪਾਰਟੀ ਪੰਜਾਬ ਵਿਚ ਮੁੜ ਸਰਕਾਰ ਬਣਾਏਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਦੀ ਸਰਕਾਰ ਦੀਆਂ ਨੀਤੀਆਂ ਤੋ ਦੁਖੀ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਖ਼ੁਸ਼ਹਾਲ ਬਣਾ ਸਕਦੀ ਹੈ | ਚੀਮਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਾਰਟੀ ਪ੍ਰਤੀ ਸੇਵਾ ਅਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਬਹੁਤ ਔਖੇ ਸਮੇਂ ਵਿੱਚ ਕਾਂਗਰਸ ਪਾਰਟੀ ਦੀ ਕਮਾਨ ਸੰਭਾਲੀ ਅਤੇ ਆਪਣੀ ਮਿਹਨਤ ਨਾਲ ਪਾਰਟੀ ਦੇ ਵਰਕਰਾਂ ’ਚ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਕੀਤਾ | ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਪਰਗਟ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਇੱਕ ਸੀਨੀਅਰ, ਇਮਾਨਦਾਰ ਅਤੇ ਜੁਝਾਰੂ ਆਗੂ ਹਨ | ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪ੍ਰਗਟ ਸਿੰਘ ਆਪਣੀ ਅਗਵਾਈ ਅਤੇ ਤਜਰਬੇ ਨਾਲ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ ਅਤੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ |